ਪੰਚਕੂਲਾ, 4 ਦਸੰਬਰ (ਕਪਿਲ)-ਪੰਚਕੂਲਾ ਐਂਟੀ ਇਮੀਗ੍ਰੇਸ਼ਨ ਫਰੋਡ ਯੂਨਿਟ ਦੀ ਟੀਮ ਨੇ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਂਅ 'ਤੇ ਠੱਗੀ ਮਾਰਨ ਵਾਲੇ ਇਕ ਗਰੋਹ ਦਾ ਪਰਦਾਫਾਸ਼ ਕੀਤਾ ਹੈ | ਐਂਟੀ ਇਮੀਗ੍ਰੇਸ਼ਨ ਫਰੋਡ ਯੂਨਿਟ ਦੀ ਟੀਮ ਨੇ ਸਾਈਬਰ ਕ੍ਰਾਈਮ ਦੀ ਟੀਮ ਨਾਲ ਮਿਲ ਕਰ ਇਸ ਗੈਂਗ ਦੇ ਚਾਰ ਮੈਂਬਰਾਂ ਨੂੰ ਗਿ੍ਫਤਾਰ ਕੀਤਾ ਹੈ | ਇਸ ਸੰਬੰਧੀ ਡੀ. ਸੀ. ਪੀ. ਕ੍ਰਾਈਮ ਸਿ੍ਸ਼ਟੀ ਗੁਪਤਾ ਨੇ ਦੱਸਿਆ ਕਿ ਗੁਰਚਰਨ ਨਾਮਕ ਇਕ ਵਿਅਕਤੀ ਨੇ ਵਰਕ ਵੀਜ਼ਾ ਲਗਵਾਉਣ ਦੇ ਨਾਂਅ 'ਤੇ ਅੱਠ ਲੋਕਾਂ ਤੋਂ 48 ਲੱਖ ਰੁ. ਲਏ ਸਨ, ਜਿਸ ਤੋਂ ਬਾਅਦ ਪਤਾ ਲੱਗਾ ਕਿ ਇਹ ਪੂਰੀ ਤਰ੍ਹਾਂ ਫਰਜ਼ੀਵਾੜਾ ਸੀ ਤੇ ਦਸਤਾਵੇਜ਼ ਵੀ ਨਕਲੀ ਸਨ | ਉਨ੍ਹਾਂ ਦੱਸਿਆ ਕਿ ਪੁਲਿਸ ਨੇ ਇਸ ਮਾਮਲੇ ਵਿਚ ਪੰਜਾਬ ਦੇ ਨਵਾਂਸ਼ਹਿਰ ਤੋਂ ਗੁਰਚਰਨ ਨੂੰ ਗਿ੍ਫਤਾਰ ਕਰਨ ਉਪਰੰਤ ਉਸ ਦੀ ਪੁੱਛਗਿੱਛ ਦੇ ਆਧਾਰ 'ਤੇ ਤਿੰਨ ਹੋਰ ਵਿਅਕਤੀਆਂ ਨੂੰ ਦਿੱਲੀ ਤੋਂ ਗਿ੍ਫਤਾਰ ਕੀਤਾ | ਉਨ੍ਹਾਂ ਕਿਹਾ ਕਿ ਇਨ੍ਹਾਂ ਮੁਲਜ਼ਮਾਂ 'ਤੇ ਪਹਿਲਾਂ ਵੀ ਸਿਰਸਾ, ਪੰਜਾਬ ਤੇ ਦਿੱਲੀ ਵਿਚ ਕਈ ਮਾਮਲੇ ਦਰਜ ਹਨ, ਜਿਨ੍ਹਾਂ 'ਚ ਇਹ ਸਾਰੇ ਫਰਾਰ ਚੱਲ ਰਹੇ ਸਨ | ਉਨ੍ਹਾਂ ਦੱਸਿਆ ਕਿ ਮੁਲਜ਼ਮ ਨਾਂਅ ਬਦਲ ਕੇ ਵੱਖ-ਵੱਖ ਥਾਵਾਂ 'ਤੇ ਰਹਿੰਦੇ ਸਨ ਤੇ ਇਨ੍ਹਾਂ ਕੋਲੋਂ ਕਈ ਫਰਜ਼ੀ ਦਸਤਾਵੇਜ਼ ਵੀ ਬਰਾਮਦ ਕੀਤੇ ਗਏ ਹਨ | ਉਨ੍ਹਾਂ ਦੱਸਿਆ ਕਿ ਗਿ੍ਫਤਾਰ ਕੀਤੇ ਗਏ ਮੁਲਜ਼ਮ ਆਦਤਨ ਅਪਰਾਧੀ ਹਨ | ਉਨ੍ਹਾਂ ਕਿਹਾ ਕਿ ਉਕਤ ਮੁਲਜ਼ਮ ਪੰਜਾਬ ਤੇ ਦਿੱਲੀ ਤੋਂ ਹੁੰਦੇ ਹੋਏ ਹੁਣ ਜੈਪੁਰ 'ਚ ਆਪਣੀ ਏਜੰਸੀ ਖੋਲ੍ਹਣ ਦੀ ਤਿਆਰੀ 'ਚ ਸਨ | ਉਨ੍ਹਾਂ ਦੱਸਿਆ ਕਿ ਗਿ੍ਫਤਾਰ ਮੁਲਜ਼ਮ ਆਸਟ੍ਰੀਆ, ਫਿਨਲੈਂਡ ਤੇ ਇਟਲੀ ਭੇਜਣ ਦੇ ਨਾਂ 'ਤੇ ਲੋਕਾਂ ਨਾਲ ਫਰਾਡ ਕਰਦੇ ਸਨ | ਇਨ੍ਹਾਂ ਮੁਲਜ਼ਮਾਂ ਨੇ ਪੰਚਕੂਲਾ ਵਿਖੇ ਆਪਣਾ ਦਫ਼ਤਰ ਬਣਾਇਆ ਹੋਇਆ ਸੀ | ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਤੋਂ ਵੱਡੀ ਮਾਤਰਾ 'ਚ ਪਾਸਪੋਰਟ, ਲੈਪਟਾਪ ਅਤੇ ਨਕਦੀ ਬਰਾਮਦ ਕੀਤੀ ਗਈ ਹੈ | ਇਹ ਮੁਲਜ਼ਮ 2021 ਤੋਂ ਇਸ ਤਰ੍ਹਾਂ ਦੀ ਜਾਲਸਾਜ਼ੀ ਕਰ ਰਹੇ ਸਨ | ਉਨ੍ਹਾਂ ਕਿਹਾ ਕਿ ਇਨ੍ਹਾਂ ਮੁਲਜ਼ਮਾਂ ਤੋਂ ਫਰਜ਼ੀ ਟੀ. ਆਰ. ਸੀ. (ਟੈਂਪਰਰੀ ਰੈਜ਼ੀਡੈਂਸ ਸਰਟੀਫਿਕੇਟ), 8 ਮੋਬਾਈਲ, 6 ਲੱਖ ਰੁਪਏ ਨਕਦ ਅਤੇ 4 ਲੱਖ ਫਰੀਜ਼ ਕੀਤੇ ਗਏ ਹਨ | ਉਨ੍ਹਾਂ ਦੱਸਿਆ ਕਿ ਗਿ੍ਫਤਾਰ ਕੀਤੇ ਗਏ ਮੁਲਜ਼ਮਾਂ ਦੀ ਜਾਣਕਾਰੀ ਹੋਰ ਰਾਜਾਂ ਨਾਲ ਵੀ ਸਾਂਝੀ ਕੀਤੀ ਜਾਵੇਗੀ ਜਿਥੋਂ ਇਹ ਫਰਾਰ ਚੱਲ ਰਹੇ ਸਨ |