ਡੇਰਾਬੱਸੀ, 4 ਦਸੰਬਰ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਪੁਲਿਸ ਨੇ ਵਿਦੇਸ਼-ਆਧਾਰਿਤ ਗੈਂਗਸਟਰ ਗੋਲਡੀ ਢਿੱਲੋਂ ਤੇ ਮਨਦੀਪ ਸਪੇਨ ਦੇ ਹੋਰ ਇਕ ਸਹਾਇਕ ਨੂੰ ਗਿ੍ਫ਼ਤਾਰ ਕੀਤਾ ਹੈ, ਜਿਸ ਦੀ ਪਛਾਣ ਪੁਲਿਸ ਨੇ ਰਜਤ ਕੁਮਾਰ ਉਰਫ਼ ਰਾਜਨ ਨਿਵਾਸੀ ਜੰਨਸੂਆ ਜ਼ਿਲ੍ਹਾ ਪਟਿਆਲਾ ਵਜੋਂ ਹੋਈ ਦੱਸੀ ਹੈ | ਇਸ ਮੁਲਜ਼ਮ ਨੂੰ ਐਸ. ਐਚ. ਓ. ਡੇਰਾਬੱਸੀ ਇੰਸਪੈਕਟਰ ਸੁਮਿਤ ਮੋਰ ਦੀ ਅਗਵਾਈ ਹੇਠ ਏ. ਜੀ. ਟੀ. ਐਫ. ਤੇ ਮੁਹਾਲੀ ਪੁਲਿਸ ਦੀਆਂ ਸਾਂਝੀਆਂ ਟੀਮਾਂ ਨੇ ਡੇਰਾਬੱਸੀ ਬੱਸ ਅੱਡੇ ਨੇੜਿਓਾ ਗਿ੍ਫ਼ਤਾਰ ਕੀਤਾ ਹੈ | ਇਸ ਸੰਬੰਧੀ ਐਸ. ਐਸ. ਪੀ. ਹਰਮਨਦੀਪ ਸਿੰਘ ਹਾਂਸ ਵਲੋਂ ਜਾਰੀ ਇਕ ਪ੍ਰੈੱਸ ਨੋਟ ਅਨੁਸਾਰ 12 ਨਵੰਬਰ ਨੂੰ ਏ. ਜੀ. ਟੀ. ਐਫ਼. ਨਾਲ ਸਾਂਝੇ ਓਪਰੇਸ਼ਨ ਦੌਰਾਨ ਦੋ ਸ਼ੂਟਰ ਕਾਬੂ ਕੀਤੇ ਗਏ ਸਨ, ਜਦਕਿ 26 ਨਵੰਬਰ ਨੂੰ ਡੇਰਾਬੱਸੀ-ਅੰਬਾਲਾ ਹਾਈਵੇਅ ਨੇੜੇ ਮੁਕਾਬਲੇ ਵਿਚ ਚਾਰ ਸ਼ੂਟਰ ਗਿ੍ਫ਼ਤਾਰ ਹੋਏ ਸਨ | ਉਨ੍ਹਾਂ ਦੱਸਿਆ ਕਿ ਇਸ ਮੁਕਾਬਲੇ 'ਚ ਦੋ ਪੁਲਿਸ ਅਧਿਕਾਰੀਆਂ ਦੀਆਂ ਜੈਕਟਾਂ 'ਤੇ ਗੋਲੀਆਂ ਲੱਗੀਆਂ ਸਨ, ਜਦਕਿ ਦੋ ਮੁਲਜ਼ਮ ਜ਼ਖ਼ਮੀ ਹੋਏ ਸਨ ਅਤੇ ਇਸ ਦੌਰਾਨ ਪੁਲਿਸ ਨੇ 7 ਪਿਸਤੌਲ ਅਤੇ 70 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਸਨ | ਉਨ੍ਹਾਂ ਦੱਸਿਆ ਕਿ ਐਸ. ਪੀ. (ਦਿਹਾਤੀ) ਮਨਪ੍ਰੀਤ ਸਿੰਘ ਤੇ ਡੀ. ਐਸ. ਪੀ. ਬਿਕਰਮਜੀਤ ਸਿੰਘ ਬਰਾੜ ਦੀ ਨਿਗਰਾਨੀ ਹੇਠ ਚੱਲੀ ਜਾਂਚ ਦੌਰਾਨ ਰਜਤ ਕੁਮਾਰ ਦਾ ਨਾਂਅ ਸਾਹਮਣੇ ਆਇਆ ਸੀ ਅਤੇ ਪਤਾ ਲੱਗਾ ਸੀ ਕਿ ਮੁਲਜ਼ਮ ਗੈਂਗ ਮੈਂਬਰਾਂ ਨੂੰ ਹਥਿਆਰ, ਰਿਹਾਇਸ਼ ਤੇ ਆਵਾਜਾਈ ਸਮੇਤ ਲਾਜਿਸਟਿਕ ਸਹਾਇਤਾ ਪ੍ਰਦਾਨ ਕਰਦਾ ਸੀ | ਉਨ੍ਹਾਂ ਦੱਸਿਆ ਕਿ ਮੁਲਜ਼ਮ ਦੇ ਖ਼ਿਲਾਫ਼ ਪਹਿਲਾਂ ਵੀ ਪੰਜਾਬ ਤੇ ਹਰਿਆਣਾ 'ਚ ਸਨੈਚਿੰਗ ਅਤੇ ਆਰਮਜ਼ ਐਕਟ ਦੇ ਦੋ ਮਾਮਲੇ ਦਰਜ ਹਨ, ਜਦਕਿ 2019 ਵਿਚ ਜੇਲ੍ਹ ਦੌਰਾਨ ਉਹ ਗੈਂਗਸਟਰਾਂ ਦੇ ਸੰਪਰਕ ਵਿਚ ਆਇਆ ਸੀ |