ਚੰਡੀਗੜ੍ਹ, 4 ਦਸੰਬਰ (ਮਾਰਕੰਡਾ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿਦਿਆਰਥੀ ਸੰਗਠਨ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਨੇ ਯੂਨੀਵਰਸਿਟੀ ਵਿਖੇ ਪ੍ਰੈੱਸ ਕਾਨਫ਼ਰੰਸ ਕੀਤੀ, ਜਿਸ 'ਚ 71ਵੇਂ ਰਾਸ਼ਟਰੀ ਅਧਿਵੇਸ਼ਨ ਜੋ ਦੇਹਰਾਦੂਨ ਵਿਖੇ ਸੰਪੰਨ ਹੋਏ ਸਨ, ਵਿਚ ਪਾਸ ਹੋਏ 5 ਪ੍ਰਸਤਾਵਾਂ ਬਾਰੇ ਚਾਨਣਾ ਪਾਇਆ ਗਿਆ | ਇਸ ਮੌਕੇ ਏ. ਵੀ. ਬੀ. ਪੀ. ਦੇ ਰਾਸ਼ਟਰੀ ਮੰਤਰੀ ਆਦਿਤਿਆ ਤਕੀਆਰ ਨੇ ਦੱਸਿਆ ਕਿ ਦੇਸ਼ ਭਾਰ ਵਿਚ ਸਿੱਖਿਆ ਦੇ ਖੇਤਰ 'ਚ 3 ਤੋਂ ਲੈ ਕੇ 6 ਫੀਸਦੀ ਤੱਕ ਹੀ ਖਰਚ ਹੁੰਦਾ ਹੈ, ਜਿਸ ਨੂੰ ਵਧਾ ਕੇ 10 ਫੀਸਦੀ ਕਰਵਾਉਣ ਲਈ ਉਪਰਾਲੇ ਕੀਤੇ ਜਾਣਗੇ | ਦੂਜਾ ਬੰਗਲਾਦੇਸ਼ੀ ਘੁਸਪੈਠ ਨੂੰ ਰੋਕਣ ਲਈ ਸਪੈਸ਼ਲ ਐਸ. ਆਈ. ਆਰ. ਲਾਗੂ ਕਰਵਾਈ ਜਾਵੇਗੀ | ਤੀਜਾ ਵਾਤਾਵਰਨ ਨੂੰ ਠੀਕ ਕਰਨ ਲਈ ਵੱਡੇ ਲੈਵਲ 'ਤੇ ਸੰਘਰਸ਼ ਦੀ ਜਰੂਰਤ, ਚੌਥਾ ਦੇਸ਼ ਨੂੰ ਤੋੜਨ ਵਾਲਿਆਂ ਖ਼ਿਲਾਫ਼ ਰਾਜਾਂ ਵਿਚ ਲੋਕਾਂ ਨੂੰ ਜਾਗਰੂਕ ਕਰਨਾ ਤਾਂ ਜੋ ਲੋਕਾਂ ਨੂੰ ਇਕੱਠੇ ਕੀਤਾ ਜਾ ਸਕੇ, ਪੰਜਵਾਂ ਦੇਸ਼ 'ਚ ਬਦਲਾਅ ਦੇਸ਼ ਦਾ ਨੌਜਵਾਨ ਹੀ ਲਿਆ ਸਕਦਾ ਹੈ | ਦੇਸ 'ਚ 60 ਫੀਸਦੀ ਤੋਂ ਵੱਧ ਸੰਖਿਆ ਨੌਜਵਾਨਾਂ ਦੀ ਹੈ | ਦੇਸ਼ 'ਚ ਸਵਦੇਸ਼ੀ ਦਾ ਅਲਾਪ ਯੂਥ ਦੁਆਰਾ ਹੀ ਲਿਆਂਦਾ ਜਾ ਸਕਦਾ ਹੈ | ਪੰਜਾਬ ਯੂਨੀਵਰਸਿਟੀ ਵਿਦਿਆਰਥੀ ਕੌਂਸਲ ਦੇ ਪ੍ਰਧਾਨ ਤੇ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦੇ ਆਗੂ ਗੋਰਵਵੀਰ ਸੌਹਲ ਨੇ ਦੱਸਿਆ ਕਿ ਏ. ਬੀ. ਵੀ. ਪੀ. ਨੇ ਆਪਣੀ ਸੰਗਠਨ 'ਚ ਵਾਧਾ ਕਰਦੇ ਹੋਏ ਪੂਰੇ ਦੇਸ਼ ਵਿਚ 76,98,448 ਮੈਂਬਰਸ਼ਿਪ ਲੈ ਕੇ ਆਪਣਾ ਹੀ ਰਿਕਾਰਡ ਤੋੜਦੇ ਹੋਏ ਦੁਬਾਰਾ ਦੇਸ਼ ਦੀ ਸਭ ਤੋਂ ਵੱਡੀ ਵਿਦਿਆਰਥੀ ਸੰਗਠਨ ਬਣਨ ਦਾ ਮਾਨ ਹਾਸਿਲ ਕੀਤਾ ਹੈ | ਉਨ੍ਹਾਂ ਨੇ ਕਿਹਾ ਕਿ ਯੂਨੀਵਰਸਿਟੀ ਦੇ ਸਾਊਥ ਕੈਂਪਸ ਵਿਚ ਕਈ ਸੈਮੀਨਾਰ ਹਾਲ ਹਲੇ ਤੱਕ ਬੰਦ ਹੀ ਪਏ ਹਨ, ਜਿਸ ਨੂੰ ਰੀਓਪਨ ਕਰਨ ਦੀ ਅਪੀਲ ਕੀਤੀ ਜਾਵੇਗੀ | ਯੂਨੀਵਰਸਿਟੀ ਉਸ ਹਾਲ ਤੋਂ ਬਾਹਰੀ ਲੋਕਾਂ ਨੂੰ ਦੇ ਕੇ ਰੁਪਏ ਵੀ ਕਮਾ ਸਕਦੀ ਹੈ |