ਚੰਡੀਗੜ੍ਹ, 4 ਦਸੰਬਰ (ਅਜਾਇਬ ਸਿੰਘ ਔਜਲਾ)-ਚੰਡੀਗੜ੍ਹ 'ਚ 15ਵੇਂ ਚੰਡੀਗੜ੍ਹ ਰਾਸ਼ਟਰੀ ਸ਼ਿਲਪ ਮੇਲੇ ਦੌਰਾਨ ਵੱਖ-ਵੱਖ ਰਾਜਾਂ ਤੋਂ ਆਏ ਕਲਾਕਾਰਾਂ ਨੇ ਆਪਣੀਆਂ ਪ੍ਰਭਾਵਸ਼ਾਲੀ ਪੇਸ਼ਕਾਰੀਆਂ ਨਾਲ ਦਰਸ਼ਕਾਂ ਨੂੰ ਮੋਹਿਆ | ਇਸੇ ਲੜੀ 'ਚ ਲੋਕ ਗਾਇਕ ਰਾਕੇਸ਼ ਖਾਨਵਾਲ ਨੇ 'ਪਾਰਾ ਭੀਡੇ ਕੀ ਬਸੰਤੀ ਛੋਰੀ ਰੁਮਾਝੂੰਗਾ...' ਵਰਗੇ ਗੀਤ ਪੇਸ਼ ਕਰਕੇ ਪੰਜਾਬ ਦੇ ਮਾਹੌਲ ਨੂੰ ਉੱਤਰਾਖੰਡ ਦੇ ਪਹਾੜੀ ਸੱਭਿਆਚਾਰ ਦੇ ਸੁਆਦ ਨਾਲ ਭਰ ਦਿੱਤਾ | ਉੱਤਰੀ ਜ਼ੋਨ ਸੱਭਿਆਚਾਰਕ ਕੇਂਦਰ, ਪਟਿਆਲਾ ਤੇ ਚੰਡੀਗੜ੍ਹ ਸੱਭਿਆਚਾਰਕ ਮਾਮਲਿਆਂ ਦੇ ਵਿਭਾਗ ਦੇ ਸਾਂਝੇ ਪ੍ਰਬੰਧ ਹੇਠ ਕਲਾਗ੍ਰਾਮ ਵਿਖੇ ਕਰਵਾਏ ਜਾ ਰਹੇ ਰਾਸ਼ਟਰੀ ਸ਼ਿਲਪ ਮੇਲੇ 'ਚ ਉਨ੍ਹਾਂ ਨੂੰ ਦਰਸ਼ਕਾਂ ਨੇ ਖੜ੍ਹੇ ਹੋ ਕੇ ਤਾੜੀਆਂ ਮਿਲੀਆਂ | 'ਜੈ ਜੈ ਬਦਰੀਨਾਥ, ਜੈ ਕਾਸ਼ੀ, ਕੇਦਾਰ, ਜੈ ਜੈ ਹਿਮਾਲਿਆ,' ਆਪਣੀ ਪੇਸ਼ਕਾਰੀ 'ਚ ਖਾਨਵਾਲ ਨੇ ਦੱਸਿਆ ਕਿ ਉੱਤਰਾਖੰਡ ਨੂੰ 'ਦੇਵਭੂਮੀ' ਕਿਉਂ ਕਿਹਾ ਜਾਂਦਾ ਹੈ | ਉਸ ਦੇ ਸੁਪਰਹਿੱਟ ਲੋਕ ਗੀਤ 'ਕ੍ਰੀਮ ਪੋਦਰਾ...' ਤੇ 'ਪਾਰਾ ਭੀਡੇ ਕੀ ਬਸੰਤੀ ਛੋਰੀ...' ਨੇ ਦਰਸ਼ਕਾਂ ਨੂੰ ਨੱਚਣ ਲਈ ਮਜ਼ਬੂਰ ਕੀਤਾ | ਰਾਕੇਸ਼ ਖਾਨਵਾਲ, ਜਿਸਨੇ ਭਾਰਤ ਅਤੇ ਵਿਦੇਸ਼ਾਂ 'ਚ ਲੋਕ ਗਾਇਕੀ ਰਾਹੀਂ ਉਤਰਾਖੰਡੀ ਸੱਭਿਆਚਾਰ ਨੂੰ ਉਤਸ਼ਾਹਿਤ ਕੀਤਾ ਹੈ, ਨੇ ਕਿਹਾ ਕਿ ਉਹ ਅਸਲ 'ਚ ਇਕ ਅਧਿਆਪਕ ਸੀ | ਇਸ ਤੋਂ ਪਹਿਲਾਂ, ਉਸ ਦੇ ਗੁਰੂ ਨੇ ਬਚਪਨ 'ਚ ਉਸ ਦੀ ਪ੍ਰਤਿਭਾ ਨੂੰ ਪਛਾਣਿਆ ਤੇ ਉਸ ਨੂੰ ਗਾਉਣ ਲਈ ਪ੍ਰੇਰਿਤ ਕੀਤਾ | ਸੰਗੀਤ 'ਚ ਐਮ. ਏ. ਕਰਨ ਵਾਲੇ ਖਾਨਵਾਲ ਦਾ ਕਹਿਣਾ ਸੀ ਕਿ ਜਦੋਂ ਇੱਥੋਂ ਦੇ ਲੋਕਾਂ ਨੂੰ ਉਨ੍ਹਾਂ ਦੀ ਚੰਡੀਗੜ੍ਹ ਫੇਰੀ ਬਾਰੇ ਪਤਾ ਲੱਗਾ, ਤਾਂ ਉਨ੍ਹਾਂ ਨੂੰ ਪ੍ਰਸ਼ੰਸਕਾਂ ਤੋਂ ਸੈਂਕੜੇ ਸੁਨੇਹੇ ਮਿਲੇ | ਇਨ੍ਹਾਂ ਪ੍ਰਸ਼ੰਸਕਾਂ ਦੇ ਪਿਆਰ ਨੇ ਮੇਰਾ ਉਤਸ਼ਾਹ ਦੁੱਗਣਾ ਕਰ ਦਿੱਤਾ | ਉੱਤਰੀ ਜ਼ੋਨ ਸੱਭਿਆਚਾਰਕ ਕੇਂਦਰ, ਪਟਿਆਲਾ ਦੇ ਨਿਰਦੇਸ਼ਕ ਫੁਰਕਾਨ ਖਾਨ ਤੇ ਉਨ੍ਹਾਂ ਦੀ ਟੀਮ ਨੇ ਉਨ੍ਹਾਂ ਦੀ ਪ੍ਰਤਿਭਾ ਨੂੰ ਪਛਾਣਿਆ ਹੈ ਅਤੇ ਉਨ੍ਹਾਂ ਨੂੰ ਕਲਾਗ੍ਰਾਮ ਦੇ ਵੱਡੇ ਮੰਚ 'ਤੇ ਪ੍ਰਦਰਸ਼ਨ ਕਰਨ ਦਾ ਮੌਕਾ ਦਿੱਤਾ ਹੈ | ਕਲਾਗ੍ਰਾਮ ਵਿਖੇ 15ਵੇਂ ਚੰਡੀਗੜ੍ਹ ਰਾਸ਼ਟਰੀ ਸ਼ਿਲਪ ਮੇਲੇ ਦੇ ਦਿਨ ਦੇ ਸੈਸ਼ਨ ਦੌਰਾਨ, ਰਾਜਸਥਾਨ ਦੇ ਕਾਲਬੇਲੀਆ ਨਿ੍ਤ ਦੇ ਨਾਲ-ਨਾਲ ਨਿ੍ਤਕਾਂ ਦੇ ਨਾਚ ਤੇ ਕਲਾਬਾਜ਼ੀਆਂ ਨੇ ਦਰਸ਼ਕਾਂ ਨੂੰ ਰੋਮਾਂਚਿਤ ਕੀਤਾ | ਇਸੇ ਦੌਰਾਨ ਰਾਜਸਥਾਨ ਦਾ ਇਕ ਰਵਾਇਤੀ ਲੋਕ ਨਾਚ ਚੱਕਰੀ ਤੇ ਤੇਲੰਗਾਨਾ ਕਬੀਲੇ ਦਾ ਇਕ ਰਵਾਇਤੀ ਲੋਕ ਨਾਚ ਮਥੂਰੀ, ਨੂੰ ਦਰਸ਼ਕਾਂ ਤੋਂ ਬਹੁਤ ਪ੍ਰਸ਼ੰਸਾ ਮਿਲੀ | ਪ੍ਰੋਗਰਾਮ 'ਚ ਨਿ੍ਤਕਾਂ ਨੇ ਪੰਜਾਬ ਦੇ ਆਦਿਵਾਸੀ ਭਾਈਚਾਰਿਆਂ ਦੇ ਆਪਣੇ ਸੰਮੀ ਨਾਚ ਨਾਲ ਦਰਸ਼ਕਾਂ ਨੂੰ ਮੰਤਰਮੁਗਧ ਕੀਤਾ | ਰਾਜਸਥਾਨ ਦੇ ਸੱਭਿਆਚਾਰ ਦੀਆਂ ਸ਼ਕਤੀਆਂ ਨੂੰ ਉਜਾਗਰ ਕਰਦੇ ਹੋਏ ਮੁਰਲੀ ਰਾਜਸਥਾਨੀ ਦੇ ਲੋਕ ਗਾਇਨ ਨੇ ਭਰਪੂਰ ਤਾੜੀਆਂ ਬਟੋਰੀਆਂ |