ਐੱਸ. ਏ. ਐੱਸ. ਨਗਰ, 30 ਅਗਸਤ (ਪ੍ਰੋ. ਅਵਤਾਰ ਸਿੰਘ)-ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਮੁੱਚੀ ਕੈਬਨਿਟ ਅਤੇ ਅਫ਼ਸਰਸ਼ਾਹੀ ਪੰਜਾਬ ਦੇ ਹੜ੍ਹ ਪੀੜਤਾਂ ਦੀ ਮਦਦ ਲਈ ਮੈਦਾਨ 'ਚ ਉਤਰੀ ਹੋਈ ਹੈ ਅਤੇ ਇਹ ਸਮਾਂ ਇਕ ਦੂਸਰੇ 'ਤੇ ਦੋਸ਼ ਦਾ ਨਹੀਂ, ਸਗੋਂ ਪੀੜਤਾਂ ਦੀ ਮਦਦ ਕਰਨ ਦਾ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮੁਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਅੱਜ ਮੁਹਾਲੀ ਤੋਂ ਆਪਣੀ ਟੀਮ ਅਤੇ ਸਮਰੱਥਕਾਂ ਦੇ ਸਹਿਯੋਗ ਨਾਲ ਪਠਾਨਕੋਟ ਦੇ ਹੜ੍ਹ ਪੀੜਤਾਂ ਲਈ ਦੋ ਟਰੱਕ ਪਸ਼ੂਆਂ ਦੀ ਫੀਡ ਅਤੇ ਇਕ ਟਰੱਕ ਪੀਣ ਵਾਲੇ ਪਾਣੀ ਦਾ ਭੇਜਣ ਮੌਕੇ ਕੀਤਾ | ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਰਾਹੀਂ ਇਹ ਮੰਗ ਆਈ ਸੀ ਇਕ ਹੜ੍ਹ ਪੀੜਤ ਇਲਾਕੇ 'ਚ ਪਸ਼ੂਆਂ ਦੀ ਫੀਡ ਅਤੇ ਪੀਣ ਵਾਲੇ ਪਾਣੀ ਦੀ ਜ਼ਬਰਦਸਤ ਲੋੜ ਹੈ, ਜਿਸ ਕਰਕੇ ਉਨ੍ਹਾਂ ਵਲੋਂ ਆਪਣੀ ਟੀਮ ਦੀ ਮਦਦ ਨਾਲ ਤੁਰੰਤ ਦੋ ਟਰੱਕ ਫੀਡ ਅਤੇ ਇਕ ਟਰੱਕ ਪੀਣ ਵਾਲੇ ਪਾਣੀ ਦੀਆਂ ਬੋਤਲਾਂ ਦਾ ਪ੍ਰਬੰਧ ਕੀਤਾ ਗਿਆ | ਉਨ੍ਹਾਂ ਕਿਹਾ ਕਿ ਹਲਕਾ ਮੁਹਾਲੀ ਦੇ ਲੋਕਾਂ ਵਲੋਂ ਹੜ੍ਹ ਪੀੜਤਾਂ ਦੀ ਮਦਦ ਲਈ ਭਾਰੀ ਉਤਸ਼ਾਹ ਦਿਖਾਇਆ ਜਾ ਰਿਹਾ ਹੈ, ਜਿਸ ਲਈ ਉਹ ਹਲਕਾ ਵਾਸੀਆਂ ਦੇ ਤਹਿ ਦਿਲੋਂ ਧੰਨਵਾਦੀ ਹਨ |