ਲਾਲੜੂ, 30 ਅਗਸਤ (ਰਾਜਬੀਰ ਸਿੰਘ)-ਬੀਤੇ ਕੱਲ੍ਹ ਘੱਗਰ 'ਚ ਛੱਡੇ ਗਏ ਬਰਸਾਤੀ ਪਾਣੀ ਦੇ ਚਲਦਿਆਂ ਇਕ ਵਾਰ ਫਿਰ ਤੋਂ ਪਿੰਡ ਆਲਮਗੀਰ, ਟਿਵਾਣਾ, ਸਾਧਾਂਪੁਰ ਅਤੇ ਖਜੂਰਮੰਡੀ ਦੇ ਲੋਕਾਂ ਦੇ ਸਾਹ ਸੂਤੇ ਗਏ ਸਨ | ਘੱਗਰ ਦਾ ਪਾਣੀ ਇਕ ਵਾਰੀ ਤਾਂ ਬੰਨ੍ਹ ਦੇ ਉਪਰੋਂ ਦੀ ਟੱਪ ਗਿਆ ਸੀ, ਜਿਸ ਨੇ ਕੁਝ ਹੀ ਪਲ 'ਚ ਸੈਂਕੜੇ ਏਕੜ ਝੋਨੇ ਦੀ ਫ਼ਸਲ ਨੂੰ ਆਪਣੀ ਲਪੇਟ 'ਚ ਲੈ ਲਿਆ, ਪਰ ਕੁਝ ਸਮੇਂ ਬਾਅਦ ਘੱਗਰ 'ਚੋਂ ਪਾਣੀ ਦਾ ਪੱਧਰ ਘੱਟਣ ਲੱਗ ਗਿਆ, ਜਿਸ ਕਾਰਨ ਪਿੰਡਾਂ 'ਚ ਬਚਾਅ ਰਿਹਾ | ਪਿੰਡ ਟਿਵਾਣਾ ਦੇ ਕਿਸਾਨ ਜਸਵਿੰਦਰ ਸਿੰਘ ਟਿਵਾਣਾ, ਗੁਲਜਾਰ ਸਿੰਘ ਟਿਵਾਣਾ, ਲੱਕੀ ਸਾਂਧਾਪੁਰ, ਜਸਵੰਤ ਸਿੰਘ ਨੰਬਰਦਾਰ, ਗੁਰਮੀਤ ਸਿੰਘ ਖਜੂਰਮੰਡੀ ਤੇ ਮੇਹਰ ਸਿੰਘ ਟਿਵਾਣਾ ਆਦਿ ਨੇ ਦੱਸਿਆ ਕਿ ਕੱਲ੍ਹ ਜਦੋਂ ਸਵੇਰੇ ਘੱਗਰ 'ਚ ਪਾਣੀ ਦਾ ਪੱਧਰ ਵਧਿਆ ਤਾਂ ਉਨ੍ਹਾਂ ਨੂੰ ਮੁੜ ਤੋਂ 2023 ਦਾ ਮੰਜਰ ਯਾਦ ਆ ਗਿਆ | ਉਨ੍ਹਾਂ ਦੇ ਪਿੰਡਾਂ ਦੇ ਲੋਕਾਂ ਦੇ ਸਾਹ ਸੂਤੇ ਗਏ ਅਤੇ ਉਹ ਮੱਲੋ-ਮੱਲੀ ਆਪਣਾ ਸਾਮਾਨ ਵੀ ਮਕਾਨਾਂ ਦੇ ਉੱਪਰ ਚੜ੍ਹਾਉਣ ਲੱਗ ਗਏ | ਉਨ੍ਹਾਂ ਦੱਸਿਆ ਕਿ ਇਕ ਵਾਰ ਤਾ ਪਿੰਡ ਟਿਵਾਣਾ ਤੋਂ ਅੱਗੇ ਘੱਗਰ ਦਾ ਪਾਣੀ ਬੰਨ੍ਹ ਦੇ ਉਪਰੋਂ ਦੀ ਟੱਪਣ ਲੱਗ ਪਿਆ ਸੀ | ਪਿੰਡ ਟਿਵਾਣਾ ਦੇ ਵਸਨੀਕਾਂ ਵਲੋਂ ਬਣਾਏ ਗਏ ਆਰਜ਼ੀ ਰਸਤੇ ਨੂੰ ਪਾਣੀ ਨੇ ਤੋੜ ਦਿੱਤਾ ਅਤੇ ਪਾਣੀ ਦਾ ਵਹਾਅ ਸਿੱਧਾ ਪਿੰਡ ਖਜੂਰ ਮੰਡੀ ਵੱਲ ਹੋ ਗਿਆ ਅਤੇ 6 ਤੋਂ 10 ਘੰਟੇ ਝੋਨੇ ਦੀ ਫ਼ਸਲ ਪਾਣੀ 'ਚ ਡੁੱਬੀ ਰਹੀ | ਪਾਣੀ ਦੇ ਵਹਾਅ ਨੇ ਜਿਥੇ ਪਿੰਡ ਟਿਵਾਣਾ ਅਤੇ ਖਜੂਰ ਮੰਡੀ ਦੇ ਕਿਸਾਨਾਂ ਦੀ 50 ਏਕੜ ਜ਼ਮੀਨ 'ਚ ਲਗਾਏ ਝੋਨੇ ਦੀ ਫ਼ਸਲ ਖ਼ਤਮ ਕਰ ਦਿੱਤੀ, ਉਥੇ ਹੀ ਸੈਂਕੜੇ ਏਕੜ 'ਚ ਲਗਾਈ ਗਈ ਝੋਨੇ ਦੀ ਫ਼ਸਲ ਦੀਆਂ ਬੱਲਾਂ ਉੱਤੇ ਗਾਰ ਚੜ੍ਹ ਗਈ, ਜਿਸ ਦੇ ਖ਼ਰਾਬ ਹੋਣ ਦਾ ਖਦਸ਼ਾ ਬਣਿਆ ਹੋਇਆ ਹੈ | ਉਨ੍ਹਾਂ ਕਿਹਾ ਕਿ ਜੇਕਰ ਸਰਕਾਰਾਂ ਘੱਗਰ ਡੂੰਘਾ ਕਰਕੇ ਇਸ ਦੇ ਬੰਨ੍ਹਾਂ ਨੂੰ ਮਜ਼ਬੂਤ ਕਰ ਦੇਵੇ ਤਾਂ ਉਨ੍ਹਾਂ ਦੀਆਂ ਫ਼ਸਲਾਂ ਹਰ ਸਾਲ ਬਚ ਸਕਦੀਆਂ ਹਨ | ਉਨ੍ਹਾਂ ਕਿਹਾ ਕਿ 2023 ਤੋਂ ਬਾਅਦ ਇਹ ਉਨ੍ਹਾਂ ਦੀ ਝੋਨੇ ਦੀ ਪਹਿਲੀ ਫ਼ਸਲ ਸੀ, ਜੋ ਕਿ ਫ਼ਿਰ ਬਰਬਾਦ ਹੋ ਗਈ |