ਐੱਸ. ਏ. ਐੱਸ. ਨਗਰ, 30 ਅਗਸਤ (ਪ੍ਰੋ. ਅਵਤਾਰ ਸਿੰਘ)-ਮੁਹਾਲੀ ਦੇ ਹਲਕਾ ਵਿਧਾਇਕ ਕੁਲਵੰਤ ਸਿੰਘ ਦੀ ਰਹਿਨੁਮਾਈ ਹੇਠ ਆਮ ਆਦਮੀ ਪਾਰਟੀ ਦੇ ਟਰੇਡ ਵਿੰਗ ਵਲੋਂ ਪਠਾਨਕੋਟ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਲਈ ਰਾਸ਼ਨ ਕਿੱਟਾਂ, ਰਸ-ਬਿਸਕੁੱਟ ਕਿੱਟਾਂ, ਪਾਣੀ, ਆਟਾ ਤੇ ਚਾਵਲ ਆਦਿ ਰਾਹਤ ਸਮੱਗਰੀ ਦੇ ਵਾਹਨ ਹਰੀ ਝੰਡੀ ਦਿਖਾ ਕੇ ਰਵਾਨਾ ਕੀਤੇ ਗਏ | ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਸਰਹੱਦੀ ਖੇਤਰਾਂ ਦੇ ਲੋਕ ਮੁਸ਼ਕਿਲ ਘੜੀ ਦਾ ਸਾਹਮਣਾ ਕਰ ਰਹੇ ਹਨ ਅਤੇ ਹਲਕਾ ਮੁਹਾਲੀ ਉਨ੍ਹਾਂ ਦੇ ਨਾਲ ਖੜ੍ਹਾ ਹੈ | ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਹੜ੍ਹ ਪ੍ਰਭਾਵਿਤ ਜ਼ਿਲਿ੍ਹਆਂ ਦੇ ਰਾਹਤ ਤੇ ਬਚਾਅ ਕਾਰਜਾਂ ਦੀ ਨਿਗਰਾਨੀ ਲਈ ਉੱਚ ਪੱਧਰੀ ਕਮੇਟੀ ਬਣਾਈ ਗਈ ਹੈ ਤਾਂ ਜੋ ਲੋੜਵੰਦਾਂ ਤੱਕ ਸਮੇਂ ਸਿਰ ਮਦਦ ਪਹੁੰਚਾਈ ਜਾ ਸਕੇ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ, ਮੰਤਰੀ, ਵਿਧਾਇਕ ਅਤੇ ਆਮ ਆਦਮੀ ਪਾਰਟੀ ਵਰਕਰ ਖ਼ੁਦ ਮੌਕੇ 'ਤੇ ਜਾ ਕੇ ਲੋਕਾਂ ਦੀ ਸਹਾਇਤਾ ਕਰ ਰਹੇ ਹਨ | ਇਸੇ ਦੌਰਾਨ ਟਰੇਡ ਵਿੰਗ ਦੇ ਸਕੱਤਰ ਰਣਜੀਤ ਪਾਲ ਸਿੰਘ, ਜ਼ਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਮਟੌਰ, ਕੁਲਦੀਪ ਸਿੰਘ ਸਮਾਣਾ, ਕੌਂਸਲਰ ਸਰਬਜੀਤ ਸਿੰਘ ਸਮਾਣਾ, ਅਵਤਾਰ ਸਿੰਘ ਮੌਲੀ, ਕੌਂਸਲਰ ਗੁਰਮੀਤ ਕੌਰ, ਡਾ. ਕੁਲਦੀਪ ਸਿੰਘ, ਆਰ. ਪੀ. ਸ਼ਰਮਾ, ਅਕਵਿੰਦਰ ਸਿੰਘ ਗੋਸਲ, ਹਰਵਿੰਦਰ ਸਿੰਘ ਸੈਣੀ ਤੇ ਹਰਮੇਸ਼ ਸਿੰਘ ਕੁੰਭੜਾ ਆਦਿ ਵੀ ਹਾਜ਼ਰ ਸਨ |