ਲੁਧਿਆਣਾ, 21 ਅਕਤੂਬਰ (ਜਤਿੰਦਰ ਭੰਬੀ)-ਜ਼ਿਲ੍ਹਾ ਕਾਂਗਰਸ ਕਮੇਟੀ (ਸ਼ਹਿਰੀ) ਦੇ ਸਾਬਕਾ ਪ੍ਰਧਾਨ ਅਤੇ ਸੀਨੀਅਰ ਕਾਂਗਰਸੀ ਆਗੂ ਪਵਨ ਦੀਵਾਨ ਨੇ 'ਆਪ' ਸਰਕਾਰ 'ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਕਾਂਗਰਸ 'ਆਪ' ਸਰਕਾਰ ਨੂੰ ਸਰਕਾਰੀ ਜਾਇਦਾਦਾਂ ਨਹੀਂ ਵੇਚਣ ਦੇਵੇਗੀ | ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਲੁਧਿਆਣਾ ਵਿਚ ਲਗਭਗ 2 ਦਰਜਨ ਸਰਕਾਰੀ ਜਾਇਦਾਦਾਂ ਵੇਚਣ ਦੀਆਂ ਜਿਹੜੀਆਂ ਯੋਜਨਾਵਾਂ ਬਣਾ ਰਹੀ ਹੈ, ਕਾਂਗਰਸ ਉਸ ਦਾ ਡਟ ਕੇ ਵਿਰੋਧ ਕਰੇਗੀ ਅਤੇ ਉਸ ਨੂੰ ਸਫਲ ਨਹੀਂ ਹੋਣ ਦੇਵੇਗੀ | ਉਨ੍ਹਾਂ ਕਿਹਾ ਕਿ ਆਰਥਿਕ ਪੱਖੋਂ ਪਛੜ ਚੁੱਕੀ 'ਆਪ' ਸਰਕਾਰ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੀਆਂ 10 ਵੱਡੀਆਂ ਜਾਇਦਾਦਾਂ ਦੇ ਨਾਲ-ਨਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨਾਲ ਸਬੰਧਿਤ ਕੀਮਤੀ ਜ਼ਮੀਨਾਂ ਵੇਚਣ ਦੀਆਂ ਤਿਆਰੀਆਂ ਕਰ ਰਹੀ ਹੈ, ਜੋ ਕਿ ਜਨਤਕ ਹਿਤਾਂ ਦਾ ਵਿਰੋਧ ਹੈ |