ਤਰਨ ਤਾਰਨ, 4 ਦਸੰਬਰ (ਹਰਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ, ਸਾਬਕਾ ਵਿਧਾਇਕ ਅਤੇ ਹਲਕਾ ਖਡੂਰ ਸਾਹਿਬ ਦੇ ਇੰਚਾਰਜ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਕੀਤੀ ਜਾ ਰਹੀ ਸ਼ਰੇਆਮ ਧੱਕੇਸ਼ਾਹੀ ਅਤੇ ਗੁੰਡਾਗਰਦੀ 'ਤੇ ਸਖ਼ਤ ਪ੍ਰਤੀਕਿਰਿਆ ਦਿੰਦਿਆਂ ਇਸ ਨੂੰ ਲੋਕਤੰਤਰ ਦਾ ਕਾਲਾ ਦਿਨ ਕਰਾਰ ਦਿੱਤਾ ਹੈ | ਬ੍ਰਹਮਪੁਰਾ ਨੇ ਦੋਸ਼ ਲਾਇਆ ਕਿ ਸੱਤਾ ਦੇ ਨਸ਼ੇ ਵਿਚ ਚੂਰ 'ਆਪ' ਸਰਕਾਰ ਨੇ ਪ੍ਰਸ਼ਾਸਨ ਅਤੇ ਪੁਲਿਸ ਦੀ ਮਿਲੀਭੁਗਤ ਨਾਲ ਕਾਨੂੰਨ ਦੀਆਂ ਧੱਜੀਆਂ ਉੱਡਾ ਕੇ ਰੱਖ ਦਿੱਤੀਆਂ ਹਨ | ਬ੍ਰਹਮਪੁਰਾ ਨੇ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਖਡੂਰ ਸਾਹਿਬ ਅਧੀਨ ਪੈਂਦੇ ਜ਼ੋਨ ਗੋਇੰਦਵਾਲ ਸਾਹਿਬ, ਜੋਨ ਪਿੰਡ ਕੱਲਾ, ਜ਼ੋਨ ਪੱਖੋਕੇ ਅਤੇ ਜ਼ੋਨ ਮਾਨੋਚਾਹਲ ਕਲਾਂ ਦੇ ਅਕਾਲੀ ਉਮੀਦਵਾਰ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਨ ਲਈ ਟੋਕਨ ਲੈ ਕੇ ਬੜੇ ਅਨੁਸ਼ਾਸਨ ਵਿਚ ਆਪਣੀ ਵਾਰੀ ਦੀ ਉਡੀਕ ਕਰ ਰਹੇ ਸਨ ਪਰ ਤਰਨ ਤਾਰਨ ਹਲਕਾ ਵਿਧਾਇਕ ਦੀ ਸ਼ਹਿ 'ਤੇ ਤਕਰੀਬਨ 200 ਦੇ ਕਰੀਬ ਗੁੰਡਾ ਅਨਸਰਾਂ ਨੇ ਅਚਾਨਕ ਦਫ਼ਤਰ 'ਤੇ ਹੱਲਾ ਬੋਲ ਦਿੱਤਾ | ਉਨ੍ਹਾਂ ਕਿਹਾ ਕਿ ਇਨ੍ਹਾਂ ਅਨਸਰਾਂ ਨੇ ਪੁਲਿਸ ਦੀ ਹਾਜ਼ਰੀ ਵਿਚ ਹੀ ਨਾਮਜ਼ਦਗੀ ਕੇਂਦਰ ਦੇ ਅੰਦਰ ਅਤੇ ਬਾਹਰ ਕਬਜ਼ਾ ਕਰ ਲਿਆ ਅਤੇ ਅਕਾਲੀ ਉਮੀਦਵਾਰਾਂ ਦੀਆਂ ਫਾਇਲਾਂ ਖੋਹ ਕੇ ਪਾੜ ਦਿੱਤੀਆਂ ਗਈਆਂ ਅਤੇ ਉਮੀਦਵਾਰਾਂ ਨਾਲ ਧੱਕਾ-ਮੁੱਕੀ ਕੀਤੀ ਗਈ | ਬ੍ਰਹਮਪੁਰਾ ਨੇ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਮੌਕੇ 'ਤੇ ਮੌਜੂਦ ਪੁਲਿਸ ਪ੍ਰਸ਼ਾਸਨ ਮੂਕ ਦਰਸ਼ਕ ਬਣ ਕੇ ਇਹ ਤਮਾਸ਼ਾ ਦੇਖਦਾ ਰਿਹਾ, ਜੋ ਸਾਬਤ ਕਰਦਾ ਹੈ ਕਿ ਇਹ ਸਾਰੀ ਕਾਰਵਾਈ ਸਰਕਾਰੀ ਇਸ਼ਾਰੇ 'ਤੇ ਹੋਈ ਹੈ | ਉਨ੍ਹਾਂ ਚੋਣ ਕਮਿਸ਼ਨ ਤੋਂ ਪੁਰਜ਼ੋਰ ਮੰਗ ਕੀਤੀ ਕਿ ਇਸ ਗੰਭੀਰ ਮਾਮਲੇ ਦੀ ਜਾਂਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਸਿਟਿੰਗ ਜੱਜ ਤੋਂ ਕਰਵਾਈ ਜਾਵੇ | ਇਸ ਤੋਂ ਇਲਾਵਾ ਜਿਹੜੇ ਅਕਾਲੀ ਉਮੀਦਵਾਰਾਂ ਦੀਆਂ ਫਾਇਲਾਂ ਧੱਕੇ ਨਾਲ ਪਾੜੀਆਂ ਗਈਆਂ ਹਨ, ਉਨ੍ਹਾਂ ਨੂੰ ਇਨਸਾਫ਼ ਦਿੰਦੇ ਹੋਏ ਕਾਗਜ਼ ਦਾਖਲ ਕਰਨ ਲਈ ਕੱਲ੍ਹ ਜਾਂ ਹੋਰ ਵਾਧੂ ਸਮਾਂ ਦਿੱਤਾ ਜਾਵੇ ਤਾਂ ਜੋ ਨਿਰਪੱਖ ਚੋਣਾਂ ਯਕੀਨੀ ਬਣਾਈਆਂ ਜਾ ਸਕਣ |