25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਇਤਿਹਾਸਕ ਰਾਮ ਬਾਗ ਵਿਖੇ ਉਸਾਰੀਆਂ ਨੂੰ ਲੈ ਕੇ ਏ. ਐੱਸ. ਆਈ. ਅਤੇ ਨਗਰ ਨਿਗਮ ਵਿਚਕਾਰ ਛਿੜੀ ਬਹਿਸ

ਅਜੀਤ ਡੈਸਕ 10-12-2025
ਅੰਮਿ੍ਤਸਰ, 9 ਦਸੰਬਰ (ਸੁਰਿੰਦਰ ਕੋਛੜ)-ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਵਲੋਂ ਅੰਮਿ੍ਤਸਰ ਵਿਖੇ ਗੁਰੂ ਰਾਮਦਾਸ ਜੀ ਦੇ ਨਾਂਅ 'ਤੇ 84 ਏਕੜ ਭੂਮੀ 'ਚ ਲਗਾਏ ਗਏ ਰਾਮ ਬਾਗ 'ਚ ਸ਼ੁਰੂ ਕੀਤੀਆਂ ਉਸਾਰੀਆਂ ਨੂੰ ਲੈ ਕੇ ਭਾਰਤੀ ਪੁਰਾਤਤਵ ਸਰਵੇਖਣ (ਏ. ਐੱਸ. ਆਈ.) ਅਤੇ ਨਗਰ ਨਿਗਮ ਵਿਚਕਾਰ ਖੇਤਰੀ ਟਕਰਾਅ ਸ਼ੁਰੂ ਹੋ ਗਿਆ ਹੈ | ਬੀਤੇ ਦਿਨੀਂ ਸ਼ੇਰ-ਏ-ਪੰਜਾਬ ਦੇ ਵਿਸ਼ਾਲ ਬੁੱਤ ਦੀ ਨਗਰ ਨਿਗਮ ਵਲੋਂ ਸ਼ੁਰੂ ਕੀਤੀ ਮੁਰੰਮਤ ਦੀ ਕਾਰਵਾਈ 'ਤੇ ਏ. ਐੱਸ. ਆਈ. ਨੇ ਬਕਾਇਦਾ ਪੱਤਰ ਭੇਜ ਕੇ ਇਤਰਾਜ਼ ਜਤਾਇਆ ਸੀ | ਇਸ ਤੋਂ ਬਾਅਦ ਹੁਣ ਏ. ਐੱਸ. ਆਈ. ਵਲੋਂ ਕੀਤੇ ਜਾ ਰਹੇ ਨਿਰਮਾਣ 'ਤੇ ਨਗਰ ਨਿਗਮ ਨੇ ਰੋਕ ਲਗਾ ਦਿੱਤੀ ਹੈ | ਨਿਗਮ ਅਧਿਕਾਰੀਆਂ ਨੇ ਦੋਸ਼ ਲਗਾਇਆ ਹੈ ਕਿ ਬਾਗ ਦੀ ਇਤਿਹਾਸਕ ਡਿਉੜੀ ਦੇ ਸਾਹਮਣੇ ਬਾਗ 'ਚ ਆਉਣ ਵਾਲੇ ਲੋਕਾਂ ਲਈ ਰਸਤਾ ਰੋਕਿਆ ਜਾ ਰਿਹਾ ਹੈ, ਜਦੋਂ ਕਿ ਏ. ਐੱਸ. ਆਈ. ਦਾ ਤਰਕ ਹੈ ਕਿ ਉਹ ਆਪਣੀ ਸੀਮਾ ਦੇ ਅੰਦਰ ਕੰਮ ਕਰ ਰਿਹਾ ਹੈ | ਏ. ਐੱਸ. ਆਈ. ਮੁਤਾਬਿਕ ਬਾਗ ਦੇ ਅੰਦਰ ਸਰਵਿਸ ਕਲੱਬ ਦੇ ਸਾਹਮਣੇ ਸਥਿਤ ਡਿਉੜੀ ਦੀ ਸੰਭਾਲ ਦਾ ਕੰਮ ਜਾਰੀ ਹੈ, ਜੋ ਕਿ ਲਗਭਗ 80 ਫ਼ੀਸਦੀ ਮੁਕੰਮਲ ਹੋ ਗਿਆ ਹੈ | ਦੂਜੇ ਪੜਾਅ ਵਿਚ ਗੇਟ ਦੇ ਅਗਲੇ ਹਿੱਸੇ ਨੂੰ ਥੋੜ੍ਹੀ ਦੂਰੀ 'ਤੇ ਸਥਿਤ ਮਹਾਰਾਜਾ ਰਣਜੀਤ ਸਿੰਘ ਸਮਰ ਪੈਲੇਸ ਨਾਲ ਜੋੜਨਾ ਸ਼ਾਮਿਲ ਹੈ | ਏ. ਐੱਸ. ਆਈ. ਦੇ ਸੀਨੀਅਰ ਸੰਭਾਲ ਸਹਾਇਕ ਨੇ ਕਿਹਾ ਰਾਮ ਬਾਗ ਨੂੰ ਸਾਲ 2004 'ਚ ਸੁਰੱਖਿਅਤ ਕੌਮੀ ਵਿਰਾਸਤ ਐਲਾਨੇ ਜਾਣ ਤੋਂ ਬਾਅਦ ਉਨ੍ਹਾਂ ਦੇ ਵਿਭਾਗ ਨੂੰ ਸੌਂਪ ਦਿੱਤਾ ਗਿਆ | ਏ. ਐੱਸ. ਆਈ. ਤੋਂ ਇਲਾਵਾ ਕੋਈ ਵੀ ਬਾਗ 'ਚ ਉਸਾਰੀ ਨਹੀਂ ਕਰਵਾ ਸਕਦਾ ਅਤੇ ਜੇਕਰ ਅਜਿਹਾ ਕਰਨਾ ਜ਼ਰੂਰੀ ਹੋਵੇ ਤਾਂ ਉਨ੍ਹਾਂ ਨੂੰ ਸੂਚਿਤ ਕਰਨਾ ਲਾਜ਼ਮੀ ਹੈ | ਉੱਧਰ, ਨਿਗਮ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਬਾਰੇ ਜਨਤਕ ਸ਼ਿਕਾਇਤਾਂ ਮਿਲਣ ਤੋਂ ਬਾਅਦ ਅੱਜ ਕੰਮ ਰੋਕਿਆ ਗਿਆ ਅਤੇ ਕੰਮ ਦੀ ਸਥਿਤੀ ਨੂੰ ਗੰਭੀਰਤਾ ਨਾਲ ਵੇਖਿਆ ਜਾ ਰਿਹਾ ਹੈ |
ਪਿਛਲੀ ਖ਼ਬਰ ਓ. ਟੀ. ਸ੍ਰੇਣੀ ਨਾਲ ਤਨਖ਼ਾਹ ਸਕੇਲ 'ਚ ਵਿਤਕਰਾ ਦੂਰ ਕੀਤਾ ਜਾਵੇ- ਐਸੋਸੀਏਸ਼ਨ ਅਗਲੀ ਖ਼ਬਰ ਸੀਨੀਅਰ ਡਿਪਟੀ ਮੇਅਰ ਪਿ੍ਯੰਕਾ ਸ਼ਰਮਾ ਨੇ ਵਾਰਡ ਨੰ: 11 ਦੇ ਲੋਕਾਂ ਦੀਆਂ ਸੁਣੀਆਂ ਮੁਸ਼ਕਿਲਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।