ਅੰਮਿ੍ਤਸਰ, 9 ਦਸੰਬਰ (ਰੇਸ਼ਮ ਸਿੰਘ)-ਸਿਹਤ ਵਿਭਾਗ ਵਲੋਂ ਸਿਵਲ ਸਰਜਨ ਡਾ. ਸਤਿੰਦਰਜੀਤ ਸਿੰਘ ਬਜਾਜ ਦੀ ਪ੍ਰਧਾਨਗੀ ਹੇਠ ਜਣੇਪੇ ਦੌਰਾਨ ਮੌਤਾਂ ਦਾ ਲੇਖਾ ਜੋਖਾ ਸੰਬੰਧੀ ਵਿਸ਼ੇਸ਼ ਮੀਟਿੰਗ ਦਫਤਰ ਸਿਵਲ ਸਰਜਨ ਵਿਖੇ ਹੋਈ | ਇਸ ਮੌਕੇ ਸਿਵਲ ਸਰਜਨ ਡਾ. ਸਤਿੰਦਰਜੀਤ ਸਿੰਘ ਬਜਾਜ ਨੇ ਦੱਸਿਆ ਕਿ ਗਰਭਵਤੀ ਮਾਵਾਂ ਦੀ ਜਣੇਪੇ ਦੌਰਾਨ ਮੌਤਾਂ ਗੰਭੀਰ ਚਿੰਤਾ ਦਾ ਵਿਸ਼ਾ ਹਨ | ਇਸ ਲਈ ਸਮੇਂ 'ਤੇ ਰਜਿਸਟਰੇਸ਼ਨ ਕਰਵਾਈ ਜਾਵੇ ਅਤੇ ਸਾਰੇ ਐਂਟੀਨੇਟਲ ਚੈੱਕ-ਅਪ ਟਾਈਮ ਨਾਲ ਕੀਤੇ ਜਾਣ ਤਾਂ ਸਿਹਤ ਵਿਭਾਗ ਜਣੇਪੇ ਸਮੇਂ ਹੋਣ ਵਾਲੇ ਮੌਤ ਦਰ ਵਿਚ ਕਾਫੀ ਸੁਧਾਰ ਲਿਆ ਸਕਦਾ ਹੈ | ਇਸ ਮੌਕੇ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਨੀਲਮ ਭਗਤ ਵਲੋਂ ਜਣੇਪੇ ਦੌਰਾਨ ਮੌਤਾਂ ਦਾ ਰਿਵਿਊ ਕੀਤਾ ਗਿਆ | ਉਨ੍ਹਾਂ ਆਖਿਆ ਕਿ ਜੇਕਰ ਗਰਭਵਤੀ ਮਾਵਾਂ ਦੀ ਸਮੇਂ 'ਤੇ ਰਜਿਸਟਰੇਸ਼ਨ ਕੀਤੀ ਜਾਵੇ ਤਾਂ ਹਾਈ ਰਿਸਕ ਕੇਸਾਂ ਦਾ ਜਲਦੀ ਪਤਾ ਲਗਾਇਆ ਜਾ ਸਕਦਾ ਹੈ ਅਤੇ ਉਨ੍ਹਾਂ ਦਾ ਮਾਹਿਰ ਡਾਕਟਰਾਂ ਪਾਸੋਂ ਇਲਾਜ ਕਰਵਾ ਕੇ ਸੁਰੱਖਿਅਤ ਜਣੇਪਾ ਕਰਵਾਉਣ ਦੇ ਕਾਬਲ ਬਣਾਇਆ ਜਾ ਸਕਦਾ ਹੈ | ਇਸ ਅਵਸਰ 'ਤੇ ਸਹਾਇਕ ਸਿਵਲ ਸਰਜਨ ਡਾ. ਰਜਿੰਦਰਪਾਲ ਕੌਰ, ਐੱਮ. ਈ. ਆਈ. ਓ. ਅਮਰਦੀਪ ਸਿੰਘ, ਡਿਪਟੀ ਕਮਲ ਭੱਲਾ ਸਮੇਤ ਸਮੂਹ ਸਟਾਫ ਹਾਜ਼ਰ ਸੀ |