ਅੰਮਿ੍ਤਸਰ, 9 ਦਸੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ-2025 'ਚ ਬਿਨਾਂ ਕਿਸੇ ਤਰਕ-ਦਲੀਲ ਦੇ ਲਗਾਈਆ ਗਈਆਂ ਚੋਣ ਡਿਊਟੀਆਂ ਨੇ ਭੜਥੂ ਪਾਇਆ ਹੋਇਆ ਹੈ | ਚੋਣ ਅਧਿਕਾਰੀਆਂ ਵਲੋਂ ਆਊਟ ਸੋਰਸਸਿੰਗ 'ਤੇ ਨਿਗੂਣੀਆਂ ਤਨਖ਼ਾਹਾਂ 'ਤੇ ਕੰਮ ਕਰਦੀਆਂ ਖਾਸ ਕਰਕੇ ਮਹਿਲਾਵਾਂ ਤੋਂ ਇਲਾਵਾ ਵਿਧਵਾ, ਪ੍ਰਸੂਤਾ, ਗਰਭਵਤੀ ਅਤੇ ਅਣ-ਵਿਆਹੁਤਾ ਮਹਿਲਾ ਮੁਲਾਜ਼ਮਾਂ ਦੀਆਂ ਸਿਰਫ ਚੋਣ ਡਿਊਟੀਆਂ ਹੀ ਨਹੀਂ ਲਗਾਈਆ ਗਈਆ ਸਗੋਂ ਇਨ੍ਹਾਂ ਮਹਿਲਾ ਮੁਲਾਜਮਾਂ ਨੂੰ 75-75 ਕਿਲੋਮੀਟਰ ਦੂਰ ਇਲਾਕਿਆਂ 'ਚ ਡਿਊਟੀਆਂ 'ਤੇ ਭੇਜ ਦਿੱਤਾ ਹੈ | ਇਸ ਦੌਰਾਨ ਬੀ. ਐੱਲ. ਓਜ਼ (ਬੂਥ ਲੈਵਲ ਅਫਸਰ) ਦੀਆਂ ਪੋਲਿੰਗ ਪਾਰਟੀਆਂ 'ਚ ਲਗਾਈਆਂ ਗਈਆਂ ਡਿਊਟੀਆਂ ਦਾ ਡੀ. ਟੀ. ਐੱਫ. ਅੰਮਿ੍ਤਸਰ ਦੇ ਸੂਬਾ ਵਿੱਤ ਸਕੱਤਰ-ਕਮ-ਜ਼ਿਲ੍ਹਾ ਪ੍ਰਧਾਨ ਅਸ਼ਵਨੀ ਅਵਸਥੀ, ਜ਼ਿਲ੍ਹਾ ਸਕੱਤਰ ਗੁਰਬਿੰਦਰ ਸਿੰਘ ਖਹਿਰਾ ਅਤੇ ਵਿੱਤ ਸਕੱਤਰ ਹਰਜਾਪ ਸਿੰਘ ਬੱਲ ਨੇ ਸਖ਼ਤ ਸ਼ਬਦਾਂ 'ਚ ਨਿਖੇਧੀ ਕਰਦਿਆਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ ਕਿਉਂਕਿ ਇਸ ਵਾਰ ਵਿਧਵਾ, ਪ੍ਰਸੂਤਾ, ਗਰਭਵਤੀ ਅਤੇ ਅਣ-ਵਿਆਹੁਤਾ ਮਹਿਲਾ ਮੁਲਾਜ਼ਮਾਂ ਦੀਆਂ ਚੋਣ ਡਿਊਟੀਆਂ ਵੀ ਲਗਾਈਆਂ ਗਈਆਂ ਹਨ ਅਤੇ ਉਹ ਵੀ 75-80 ਕਿਲੋਮੀਟਰ ਦੂਰ | ਉਨ੍ਹਾਂ ਬੀ. ਐੱਲ. ਓਜ਼ ਦੀ ਡਿਊਟੀ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਬੀ. ਐੱਲ. ਓਜ਼ ਵਲੋਂ ਸਾਰਾ ਸਾਲ ਆਪਣੇ ਬੂਥ 'ਤੇ ਵੋਟਾਂ ਬਣਾਉਣ, ਵੋਟਾਂ ਕੱਟਣ ਅਤੇ ਵੋਟਾਂ ਸੋਧਣ ਦਾ ਕੰਮ ਲਗਾਤਾਰਤਾ 'ਚ ਕੀਤਾ ਜਾਂਦਾ ਹੈ | ਇਸ ਤਹਿਤ ਹੀ ਬੀ. ਐੱਲ. ਓਜ਼ ਵਲੋਂ ਰੋਜ਼ਾਨਾ ਬੀ. ਐੱਲ. ਓ. ਐੱਪ 'ਚ ਪੈਂਡੇਸੀ ਅਤੇ ਬੁੱਕ ਏ ਕਾਲ ਕਲੀਅਰ ਕਰਨ ਦੇ ਚੋਣ ਕਮਿਸ਼ਨ ਤੇ ਪ੍ਰਸ਼ਾਸ਼ਨ ਵਲੋਂ ਸਖ਼ਤ ਆਦੇਸ਼ ਹਨ ਅਤੇ ਪਿਛਲੇ ਕੁਝ ਮਹੀਨਿਆਂ ਤੋਂ ਭਾਰਤ ਚੋਣ ਕਮਿਸ਼ਨ ਵਲੋਂ (ਸਪੈਸ਼ਲ ਇੰਟੈਨਸਿਵ ਰਵੀਜ਼ਨ) ਦਾ ਕੰਮ ਵੀ ਕਈ ਮੁਸ਼ਕਿਲਾਂ ਹੋਣ ਦੇ ਬਾਵਜੂਦ ਬੀ. ਐੱਲ. ਓਜ਼ ਵਲੋਂ ਬੜੀ ਤਨਦੇਹੀ ਨਾਲ ਕੀਤਾ ਜਾ ਰਿਹਾ ਹੈ | ਇਸ ਦੇ ਬਾਵਜੂਦ ਇਨ੍ਹਾਂ ਚੋਣਾਂ 'ਚ ਵੀ ਬੀ.ਐੱਲ.ਓਜ਼ ਦੀ ਚੋਣ ਡਿਊਟੀ ਲਗਾਉਣਾ ਸਰਾਸਰ ਨਾਇਨਸਾਫੀ ਹੈ | ਡੀ. ਐੱਮ. ਐੱਫ. ਦੇ ਸੂਬਾ ਪ੍ਰਧਾਨ ਜਰਮਨਜੀਤ ਸਿੰਘ, ਡੀ. ਟੀ. ਐੱਫ. ਦੇ ਸੂਬਾ ਕਮੇਟੀ ਮੈਂਬਰ ਗੁਰਦੇਵ ਸਿੰਘ ਤੇ ਚਰਨਜੀਤ ਸਿੰਘ ਰਜਧਾਨ, ਪ੍ਰੈਸ ਸਕੱਤਰ ਰਾਜੇਸ਼ ਕੁਮਾਰ ਪਰਾਸ਼ਰ, ਸਹਾਇਕ ਪ੍ਰੈਸ ਸਕੱਤਰ ਕੁਲਦੀਪ ਸਿੰਘ ਵਰਨਾਲੀ, ਨਿਰਮਲ ਸਿੰਘ, ਸੁਖਜਿੰਦਰ ਸਿੰਘ ਜੱਬੋਵਾਲ, ਮਨਪ੍ਰੀਤ ਸਿੰਘ, ਵਿਪਨ ਰਿਖੀ, ਕੰਵਲਜੀਤ ਕੌਰ, ਰਾਜੇਸ਼ ਕੁੰਦਰਾ, ਰਾਜਵਿੰਦਰ ਸਿੰਘ ਚਿਮਨੀ, ਵਿਸ਼ਾਲ ਕਪੂਰ, ਗੁਰ ਕਿਰਪਾਲ ਸਿੰਘ ਆਦਿ ਨੇ ਪ੍ਰਸ਼ਾਸਨ ਵਲੋਂ ਬੀ. ਐੱਲ. ਓਜ਼ ਦੀਆਂ ਇਲੈਕਸ਼ਨ ਡਿਊਟੀਆਂ ਦੀ ਨਿੰਦਾ ਕੀਤੀ |