ਅੰਮਿ੍ਤਸਰ, 9 ਦਸੰਬਰ (ਰੇਸ਼ਮ ਸਿੰਘ)-ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ 13 ਦਸੰਬਰ ਨੂੰ ਅੰਮਿ੍ਤਸਰ 'ਚ ਕੌਮੀ ਲੋਕ ਅਦਾਲਤ ਲਗਾਈ ਜਾ ਰਹੀ ਹੈ | ਅੱਜ ਇਸ ਸੰਬੰਧ ਵਿਚ ਅਮਰਦੀਪ ਸਿੰਘ ਬੈਂਸ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ, ਜਿਸ 'ਚ ਪੁਲਿਸ ਕਮਿਸ਼ਨਰੇਟ ਅੰਮਿ੍ਤਸਰ ਦਿਹਾਤੀ ਪੁਲਿਸ ਦੇ ਅਧਿਕਾਰੀਆਂ ਨੇ ਭਾਗ ਲਿਆ | ਮੀਟਿੰਗ ਦੌਰਾਨ ਸਮਝੌਤੇ ਯੋਗ ਅਪਰਾਧਿਕ ਮਾਮਲਿਆਂ ਨਾਲ ਸੰਬੰਧਿਤ ਖਾਰਜ ਰਿਪੋਰਟਾਂ, ਅਖਰਾਜ ਰਿਪੋਰਟ ਸੰਬੰਧਿਤ ਕੇਸ ਆਦਿ ਨੂੰ ਸਮੇਂ ਸਿਰ ਕੌਮੀ ਲੋਕ ਅਦਾਲਤ ਵਿਚ ਪੇਸ਼ ਕਰਨ ਲਈ ਵਿਸ਼ੇਸ਼ ਨਿਰਦੇਸ਼ ਜਾਰੀ ਕੀਤੇ ਗਏ | ਇਸ ਤੋਂ ਇਲਾਵਾ ਬਿਜਲੀ ਚੋਰੀ ਵਿਰੋਧੀ ਥਾਣਾ, ਪੁਲਿਸ ਅਤੇ ਬਿਜਲੀ ਮਹਿਕਮੇਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਉਹ ਬਿਜਲੀ ਬਿੱਲਾਂ ਨਾਲ ਸੰਬੰਧਿਤ ਸਮਝੌਤੇ ਯੋਗ ਅਪਰਾਧਾਂ ਦੇ ਵੱਧ ਤੋਂ ਵੱਧ ਮਾਮਲੇ ਲੋਕ ਅਦਾਲਤ ਵਿਚ ਪੇਸ਼ ਕਰਨਾ ਯਕੀਨੀ ਬਣਾਉਣ ਤਾਂ ਜੋ ਉਕਤ ਮਾਮਲਿਆਂ ਦਾ ਨਿਪਟਾਰਾ ਹੋ ਸਕੇ | ਸ: ਬੈਂਸ ਨੇ ਦੱਸਿਆ ਕਿ ਕੌਮੀ ਲੋਕ ਅਦਾਲਤ ਦੇ ਮਾਧਿਅਮ ਨਾਲ ਮਾਮਲਿਆਂ ਦਾ ਨਿਪਟਾਰਾ ਤੇਜ਼, ਸੌਖਾ ਅਤੇ ਬਿਨਾਂ ਕਿਸੇ ਖਰਚੇ ਦੇ ਹੁੰਦਾ ਹੈ | ਦੋਹਾਂ ਪੱਖਾਂ ਦੀ ਆਪਸੀ ਰਜ਼ਾਮੰਦੀ ਨਾਲ ਨਤੀਜਾ ਅੰਤਿਮ ਅਤੇ ਬਿੰਦੂਬੱਧ ਹੁੰਦਾ ਹੈ, ਜਿਸ ਨਾਲ ਲੰਬੀ ਕਾਨੂੰਨੀ ਪ੍ਰਕਿਰਿਆ ਤੋਂ ਛੁਟਕਾਰਾ ਮਿਲਦਾ ਹੈ | ਲੋਕ ਅਦਾਲਤਾਂ ਦੇ ਆਯੋਜਨ ਨਾਲ ਅਦਾਲਤਾਂ ਵਿਚ ਲਟਕਦੇ ਮਾਮਲਿਆਂ ਵਿਚ ਕਮੀ ਆਉਂਦੀ ਹੈ ਅਤੇ ਸੁਲਹ-ਸਫ਼ਾਈ ਦਾ ਮਾਹੌਲ ਬਣਦਾ ਹੈ | ਸਮਝੌਤੇ ਫੌਜਦਾਰੀ ਅਪਰਾਧ, ਸਮਰੀ ਟ੍ਰੈਫ਼ਿਕ ਚਲਾਨ, ਬੈਂਕ ਅਤੇ ਬਿਜਲੀ ਬਿੱਲਾਂ, ਪਰਿਵਾਰਕ ਝਗੜੇ, ਸੜਕ ਦੁਰਘਟਨਾ ਆਦਿ ਮਾਮਲੇ ਅਸਾਨੀ ਨਾਲ ਨਿਪਟਾਏ ਜਾ ਸਕਦੇ ਹਨ |