ਅਜਨਾਲਾ, 4 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ 'ਤੇ ਪੈਂਦੀ ਸਰਹੱਦੀ ਚੌਂਕੀ ਕਾਲਮ ਡੋਗਰ ਅਧੀਨ ਆਉਂਦੇ ਸਰਹੱਦੀ ਪਿੰਡ ਬੱਲੜਵਾਲ ਦੇ ਇੱਕ ਘਰ ਵਿਚੋਂ ਬੀ. ਐੱਸ. ਐੱਫ. 45 ਬਟਾਲੀਅਨ ਅਤੇ ਏ. ਐੱਨ. ਟੀ. ਐੱਫ. ਵਲੋਂ ਸਾਂਝੇ ਤੌਰ 'ਤੇ 8 ਕਿੱਲੋ ਹੈਰੋਇਨ ਅਤੇ ਦੋ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਵਿਚ ਵੱਡੀ ਸਫਲਤਾ ਹਾਸਿਲ ਕੀਤੀ ਗਈ ਹੈ, ਜਦਕਿ ਦੋ ਨਸ਼ਾ ਤਸਕਰ ਭੱਜਣ ਵਿਚ ਕਾਮਯਾਬ ਹੋ ਗਏ ਹਨ | 'ਅਜੀਤ' ਨਾਲ ਜਾਣਕਾਰੀ ਸਾਂਝੀ ਕਰਦਿਆਂ ਬੀ. ਐੱਸ. ਐੱਫ. 45 ਬਟਾਲੀਅਨ ਦੇ ਕਮਾਡੈਂਟ ਸ੍ਰੀ ਰਾਣਾ ਬਰਜੇਸ਼ ਨੇ ਦੱਸਿਆ ਕਿ ਅੱਜ ਬੀ. ਐੱਸ. ਐੱਫ. ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਿੰਡ ਬਲੜ੍ਹਵਾਲ ਵਿਖੇ ਕੁਝ ਨੌਜਵਾਨ ਨਸ਼ਾ ਤਸਕਰੀ ਦਾ ਵੱਡੇ ਪੱਧਰ 'ਤੇ ਕੰਮ ਕਰਦੇ ਹਨ, ਜਿਸ ਤੋਂ ਬਾਅਦ ਬੀ. ਐੱਸ. ਐੱਫ. ਅਤੇ ਏ. ਐੱਨ. ਟੀ. ਐੱਫ. ਵਲੋਂ ਸਾਂਝੇ ਤੌਰ 'ਤੇ ਗੌਰਵ ਭੱਟੀ ਪੁੱਤਰ ਰਾਕੇਸ਼ ਮਸੀਹ ਦੇ ਬਲੜ੍ਹਵਾਲ ਸਥਿਤ ਘਰੋਂ ਪੀਲੇ ਰੰਗ ਦੇ ਪੈਕਟਾਂ ਵਿਚ ਲਪੇਟੀ 8 ਕਿੱਲੋ ਹੈਰੋਇਨ ਬਰਾਮਦ ਕੀਤੀ ਗਈ, ਜਿਸ ਦੀ ਕੌਮਾਂਤਰੀ ਬਾਜ਼ਾਰ ਵਿਚ ਕੀਮਤ 40 ਕਰੋੜ ਰੁਪਏ ਬਣਦੀ ਹੈ | ਉਨ੍ਹਾਂ ਅੱਗੇ ਦੱਸਿਆ ਕਿ ਗੌਰਵ ਭੱਟੀ ਦੇ ਇਕ ਹੋਰ ਸਾਥੀ ਜਸ਼ਨਦੀਪ ਸਿੰਘ ਪੁੱਤਰ ਬਿੱਟੂ ਮਸੀਹ ਵਾਸੀ ਪਿੰਡ ਅਵਾਣ ਲੱਖਾ ਸਿੰਘ ਨੂੰ ਵੀ ਗਿ੍ਫ਼ਤਾਰ ਕੀਤਾ ਗਿਆ ਹੈ ਜਦਕਿ ਇਨ੍ਹਾਂ ਦੇ ਦੋ ਹੋਰ ਸਾਥੀ ਭੱਜਣ ਵਿਚ ਕਾਮਯਾਬ ਹੋ ਗਏ ਹਨ | ਉਨ੍ਹਾਂ ਅੱਗੇ ਦੱਸਿਆ ਕਿ ਹੈਰੋਇਨ ਸਮੇਤ ਗਿ੍ਫ਼ਤਾਰ ਨੌਜਵਾਨ ਦੇ ਘਰੋਂ ਇਕ ਸਵਿਫਟ ਕਾਰ ਅਤੇ ਤਿੰਨ ਮੋਬਾਈਲ ਫ਼ੋਨ ਵੀ ਬਰਾਮਦ ਕੀਤੇ ਗਏ ਹਨ | ਕਮਾਡੈਂਟ ਰਾਣਾ ਬਰਜੇਸ਼ ਨੇ ਅੱਗੇ ਦੱਸਿਆ ਕਿ ਹੈਰੋਇਨ ਬਰਾਮਦਗੀ ਸੰਬੰਧੀ ਅਗਲੇਰੀ ਕਾਨੂੰਨੀ ਕਾਰਵਾਈ ਲਈ ਦੋਵਾਂ ਨਸ਼ਾ ਤਸਕਰਾਂ ਅਤੇ ਹੈਰੋਇਨ ਨੂੰ ਏ.ਐੱਨ.ਟੀ.ਐੱਫ. ਦੇ ਹਵਾਲੇ ਕਰ ਦਿੱਤਾ ਗਿਆ ਹੈ |
40 ਕਰੋੜ ਰੁਪਏ ਮੁੱਲ ਦੀ 8 ਕਿੱਲੋ ਹੈਰੋਇਨ ਸਮੇਤ ਦੋ ਨਸ਼ਾ ਤਸਕਰ ਕਾਬੂ
ਅਜੀਤ ਡੈਸਕ
05-12-2025