ਅੰਮਿ੍ਤਸਰ, 30 ਅਗਸਤ (ਰੇਸ਼ਮ ਸਿੰਘ)-ਇਥੇੇ ਮਕਬੂਲਪੁਰਾ ਵਿਚ ਗਰੀਬ ਬੱਚਿਆਂ ਦੇ ਸਿੱਖਿਆ ਦੇ ਅਧਿਕਾਰ ਲਈ ਚਲਾਈ ਜਾ ਰਹੀ 'ਅਦਾਲਤ ਦਾ ਕਮਰਾ ਸੇ ਕਲਾਸ ਰੂਮ-ਹੱਕ ਦੀ ਲੜਾਈ ਅਭਿਆਨ' ਮੁਹਿੰਮ ਤਹਿਤ ਕੈਂਪ ਲਾਉਣ ਲਈ ਪੁੱਜੇ ਭਾਜਪਾ ਆਗੂ ਤੇ ਸਾਬਕਾ ਆਈ. ਏ. ਐੱਸ. ਅਧਿਕਾਰੀ ਡਾ: ਜਗਮੋਹਨ ਸਿੰਘ ਰਾਜੂ ਨੂੰ ਪੁਲਿਸ ਵਲੋਂ ਕੈਂਪ ਲਾਉਣ ਤੋਂ ਜਬਰੀ ਰੋਕ ਦਿੱਤਾ ਗਿਆ ਤੇ ਗਿ੍ਫਤਾਰ ਕੀਤੇ ਜਾਣ ਉਪਰੰਤ ਰਿਹਾਅ ਕਰ ਦਿੱਤਾ ਗਿਆ | ਸ: ਰਾਜੂ ਨੇ ਦੋਸ਼ ਲਾਇਆ ਕਿ ਪੁਲਿਸ ਨੇ ਨਾ ਸਿਰਫ਼ ਮਾਪਿਆਂ ਅਤੇ ਬੱਚਿਆਂ ਨੂੰ ਕੈਂਪ ਵਿਚ ਪਹੁੰਚਣ ਤੋਂ ਰੋਕਿਆ ਬਲਕਿ ਉਨ੍ਹਾਂ ਦੇ 100 ਤੋਂ ਵੱਧ ਵਲੰਟੀਅਰਾਂ ਨੂੰ ਵੀ ਹਿਰਾਸਤ ਵਿਚ ਲੈ ਲਿਆ ਅਤੇ ਉਨ੍ਹਾਂ ਨੂੰ ਵੀ ਪੁਲਿਸ ਨੇ ਚਾਰ ਘੰਟੇ ਲਈ ਹਿਰਾਸਤ ਵਿਚ ਲਿਆ ਅਤੇ ਬਾਅਦ ਵਿਚ ਛੱਡ ਦਿੱਤਾ | ਡਾ: ਰਾਜੂ ਨੇ ਦੱਸਿਆ ਕਿ ਕੈਂਪ ਉਸ ਖੇਤਰਾਂ ਵਿਚ ਲਗਾਇਆ ਗਿਆ ਸੀ, ਜਿੱਥੇ ਗਰੀਬ ਪਰਿਵਾਰ ਰਹਿੰਦੇ ਹਨ ਅਤੇ ਉਨ੍ਹਾਂ ਦੇ ਬੱਚੇ ਸਿੱਖਿਆ ਤੋਂ ਵਾਂਝੇ ਹਨ | ਯੋਜਨਾ ਮਾਪਿਆਂ ਨੂੰ ਦੱਸਣ ਦੀ ਸੀ ਕਿ ਆਰ.ਟੀ.ਈ. ਐਕਟ 2009 ਦੇ ਤਹਿਤ, ਹਰ ਨਿੱਜੀ ਸਕੂਲ ਵਿਚ 25% ਸੀਟਾਂ ਗਰੀਬ ਬੱਚਿਆਂ ਲਈ ਰਾਖਵੀਆਂ ਹਨ | ਵਲੰਟੀਅਰ ਮੌਕੇ 'ਤੇ ਹੀ ਅਰਜ਼ੀ ਫਾਰਮ ਭਰਵਾਉਣ ਜਾ ਰਹੇ ਸਨ ਤਾਂ ਜੋ ਬੱਚਿਆਂ ਦਾ ਦਾਖਲਾ ਯਕੀਨੀ ਬਣਾਇਆ ਜਾ ਸਕੇ | ਬੱਚਿਆਂ ਨੂੰ ਕਾਪੀਆਂ ਅਤੇ ਕਿਤਾਬਾਂ ਦੇ ਕੇ ਇਹ ਸੁਨੇਹਾ ਦੇਣਾ ਸੀ ਕਿ ਹੁਣ ਸਕੂਲ ਦੇ ਦਰਵਾਜ਼ੇ ਤੁਹਾਡੇ ਲਈ ਖੁੱਲ੍ਹੇ ਹਨ | ਉਨ੍ਹਾਂ ਭਗਵੰਤ ਮਾਨ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਬੱਚਿਆਂ ਤੋਂ ਸਿੱਖਿਆ ਦਾ ਹੱਕ ਖੋਹਿਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਕੈਂਪ ਲਾਉਣ ਤੋਂ ਰੋਕਣ ਲਈ 500 ਪੁਲਿਸ ਮੁਲਾਜ਼ਮ ਤਾਇਨਾਤ ਕਰ ਦਿੱਤਾ ਗਿਆ | ਪੁਲਿਸ ਵਲੋਂ ਕੈਂਪ ਸ਼ੁਰੂ ਹੋਣ ਤੋਂ ਪਹਿਲਾਂ ਹੀ ਵੱਡੀ ਤਾਦਾਦ 'ਚ ਸੜਕਾਂ ਬੰਦ ਕਰ ਦਿੱਤੀਆਂ ਗਈਆਂ ਮੇਜ਼ਾਂ ਅਤੇ ਕੁਰਸੀਆਂ ਹਟਾ ਦਿੱਤੀਆਂ ਗਈਆਂ ਅਤੇ ਲੋਕਾਂ ਨੂੰ ਕੈਂਪ ਵਿਚ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ | ਡਾ. ਰਾਜੂ ਨੇ ਕਿਹਾ ਕਿ ਹਾਈ ਕੋਰਟ ਨੇ ਆਪਣਾ ਫ਼ੈਸਲਾ ਦੇ ਦਿੱਤਾ ਹੈ, ਪਰ ਗਰੀਬਾਂ ਦੇ ਬੱਚੇ ਅਜੇ ਵੀ ਕਲਾਸਰੂਮ ਦੇ ਬਾਹਰ ਖੜ੍ਹੇ ਹਨ | ਅੱਜ ਦੀ ਕਾਰਵਾਈ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਸਾਡੇ ਹੱਕਾਂ ਲਈ ਲੜਾਈ ਆਸਾਨ ਨਹੀਂ ਹੈ | ਉਨ੍ਹਾਂ ਦੱਸਿਆ ਕਿ ਇਹ ਲੜਾਈ ਉਨ੍ਹਾਂ ਇਕਲਿਆਂ ਹੀ ਲੜੀ ਹੈ ਅਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ 15 ਸਾਲ ਪੁਰਾਣੀ ਰੁਕਾਵਟ ਨੂੰ ਦੂਰ ਕਰਵਾਇਆ | ਸਰਕਾਰ ਨੂੰ 14 ਅਗਸਤ ਨੂੰ ਹੁਕਮ ਜਾਰੀ ਕਰਨ ਲਈ ਮਜਬੂਰ ਹੋਣਾ ਪਿਆ ਕਿ ਗਰੀਬ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵਿਚ ਦਾਖਲਾ ਦਿੱਤਾ ਜਾਵੇ ਅਤੇ ਮਕਬੂਲਪੁਰਾ ਵਿਚ ਇਹ ਕੈਂਪ ਉਸ ਕਾਨੂੰਨੀ ਜਿੱਤ ਨੂੰ ਹਕੀਕਤ ਵਿਚ ਬਦਲਣ ਦੀ ਪਹਿਲੀ ਕੋਸ਼ਿਸ਼ ਸੀ ਜਿਸ ਨੂੰ ਧੱਕੇ ਨਾਲ ਰੋਕਿਆ ਗਿਆ | ਇਸ ਮੌਕੇ ਗੌਰਵ ਭੰਡਾਰੀ ਤੇ ਹੋਰ ਭਾਜਪਾ ਆਗੂ ਹਾਜ਼ਰ ਸਨ | ਦੂਜੇ ਪਾਸੇ ਏ.ਸੀ.ਪੀ. ਪੂਰਬੀ ਡਾ: ਸ਼ੀਤਲ ਸਿੰਘ ਨੇ ਕਿਹਾ ਕਿ ਡਾ: ਰਾਜੂ ਨੂੰ ਕੈਂਪ ਬੱਸ 'ਚ ਬਿਠਾ ਕੇ ਲਿਜਾਇਆ ਗਿਆ ਸੀ ਜਿਨ੍ਹਾਂ ਨੂੰ ਕੁਝ ਦੂਰੀ 'ਤੇ ਬੱਸ ਸਟੈਂਡ ਜਾ ਕੇ ਛੱਡ ਦਿੱਤਾ ਗਿਆ |