ਸੁਲਤਾਨਵਿੰਡ, 30 ਅਗਸਤ (ਗੁਰਨਾਮ ਸਿੰਘ ਬੁੱਟਰ)-ਛੇਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਸੁਲਤਾਨਵਿੰਡ ਸਥਿਤ ਇਤਿਹਾਸਕ ਗੁਰਦੁਆਰਾ ਅਟਾਰੀ ਸਾਹਿਬ ਦੇ ਪ੍ਰਬੰਧਕਾਂ ਵਲੋਂ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਭਾਰੀ ਬਰਸਾਤਾਂ ਤੇ ਹੜ੍ਹਾਂ ਦੀ ਸਥਿਤੀ ਨੂੰ ਮੱਦੇਨਜ਼ਰ ਮਲੇਰੀਆ ਤੇ ਡੇਂਗੂ ਵਰਗੀਆਂ ਭਿਆਨਕ ਬਿਮਾਰੀ ਦੀ ਰੋਕਥਾਮ ਲਈ ਮੱਛਰ ਮਾਰਨ ਵਾਲੀ ਫੌਗਿੰਗ ਮਸ਼ੀਨ ਨਾਲ ਪਿੰਡ ਸੁਲਤਾਨਵਿੰਡ ਦੇ ਵੱਖ-ਵੱਖ ਇਲਾਕਿਆਂ 'ਚ ਸਪਰੇਅ ਕੀਤੀ ਜਾ ਰਹੀ ਹੈ | ਇਸ ਸੰਬੰਧ ਵਿਚ ਗੁ. ਅਟਾਰੀ ਸਾਹਿਬ ਦੇ ਮੈਨੇਜਰ ਨੇ ਦੱਸਿਆ ਕਿ ਬਰਸਾਤੀ ਮੌਸਮ ਹੋਣ ਦੇ ਬਾਵਜੂਦ ਵੀ ਪ੍ਰਸ਼ਾਸਨ ਵਲੋਂ ਲੋਕਾਂ ਦੀ ਸਿਹਤ ਦਾ ਧਿਆਨ ਨਾ ਰੱਖਦਿਆਂ ਕਿਸੇ ਤਰ੍ਹਾਂ ਦੀ ਇਥੇ ਕੋਈ ਸਪਰੇਅ ਤੇ ਜਾਗਰੂਕਤਾ ਨਹੀਂ ਕੀਤੀ ਜਾ ਰਹੀ, ਜਿਸ ਕਰਕੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵਲੋਂ ਫੋਗਿੰਗ ਮਸ਼ੀਨ ਲਿਆ ਕੇ ਸਪਰੇਅ ਕਰਵਾਉਣ ਦਾ ਉਪਰਾਲਾ ਕੀਤਾ ਗਿਆ ਹੈ ਜੋ ਕਿ ਸ਼ਲਾਘਾਯੋਗ ਹੈ ਉਨ੍ਹਾਂ ਕਿਹਾ ਕਿ ਪ੍ਰਬੰਧਕਾਂ ਵਲੋਂ ਸੁਲਤਾਨਵਿੰਡ ਦੇ ਸਾਰੇ ਇਲਾਕੇ ਵਿਚ ਸਪਰੇਅ ਕੀਤੀ ਜਾਵੇਗੀ ਪਰ ਫਿਰ ਵੀ ਜੋ ਲੋਕ ਆਪਣੇ ਇਲਾਕੇ ਵਿਚ ਸਪਰੇਅ ਕਰਵਾਉਣਾ ਚਾਹੁੰਦੇ ਹਨ ਉਹ ਗੁ. ਸਾਹਿਬ ਦੇ ਪ੍ਰਬੰਧਕਾ ਨਾਲ ਸੰਪਰਕ ਕਰ ਸਕਦੇ ਹਨ | ਇਸ ਮੌਕੇ ਮੈਨੇਜ਼ਰ ਰਛਪਾਲ ਸਿੰਘ, ਮੀਤ ਮੈਨੇਜਰ ਜੁਗਰਾਜ ਸਿੰਘ, ਗ੍ਰੰਥੀ ਭਾਈ ਵਿਜੇਪਾਲ ਸਿੰਘ, ਗ੍ਰੰਥੀ ਭਾਈ ਰਣਜੋਧ ਸਿੰਘ, ਦਿਲਬਾਗ ਸਿੰਘ, ਸੁਖਜਿੰਦਰ ਸਿੰਘ, ਮਲਕੀਤ ਸਿੰਘ ਸੁਰਜੀਤ ਸਿੰਘ ਆਦਿ ਹਾਜ਼ਰ ਸਨ |