ਅੰਮਿ੍ਤਸਰ, 30 ਅਗਸਤ (ਰਾਜੇਸ਼ ਕੁਮਾਰ ਸ਼ਰਮਾ)-ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ ਵਿਖੇ ਐਂਟੀ-ਰੈਗਿੰਗ ਹਫ਼ਤੇ ਦਾ ਸਮਾਪਨ ਹੋਇਆ | ਇਸ ਮੌਕੇ ਕਾਲਜ ਦੇ ਵਿਦਿਆਰਥੀ ਅਤੇ ਫੈਕਲਟੀ ਮੈਂਬਰ ਰੈਗਿੰਗ-ਮੁਕਤ ਵਾਤਾਵਰਣ ਬਣਾਈ ਰੱਖਣ ਅਤੇ ਹਰ ਤਰ੍ਹਾਂ ਦੀ ਸਮੱਸਿਆ ਵਿਰੁੱਧ ਇੱਕਜੁੱਟ ਹੋਣ ਦੀ ਆਪਣੀ ਵਚਨਬੱਧਤਾ ਦਾ ਵਾਅਦਾ ਕਰਨ ਲਈ ਇਕੱਠੇ ਹੋਏ | ਹਫ਼ਤੇ ਭਰ ਚੱਲੀ ਇਸ ਮੁਹਿੰਮ ਦਾ ਉਦੇਸ਼ ਵਿਦਿਆਰਥੀਆਂ ਅੰਦਰ ਸਤਿਕਾਰ ਦੀ ਭਾਵਨਾ, ਹਮਦਰਦੀ ਅਤੇ ਦੂਸਰਿਆਂ ਪ੍ਰਤੀ ਮਿੱਤਰਤਾ ਭਰੇ ਭਾਵਾਂ ਨੂੰ ਉਤਸ਼ਾਹਿਤ ਕਰਦੇ ਹੋਏ ਰੈਗਿੰਗ ਦੇ ਨੁਕਸਾਨਦੇਹ ਪ੍ਰਭਾਵਾਂ ਪ੍ਰਤੀ ਸੰਵੇਦਨਸ਼ੀਲ ਬਣਾਉਣਾ ਸੀ | ਇਸ ਮੌਕੇ ਰੈਗਿੰਗ ਰੋਕਥਾਮ 'ਤੇ ਬਣੀ ਸ਼ਾਰਟ ਫਿਲਮ ਦੀ ਸਕ੍ਰੀਨਿੰਗ ਦੇ ਨਾਲ-ਨਾਲ ਲੇਖ ਰਚਨਾ, ਪੋਸਟਰ-ਮੇਕਿੰਗ ਅਤੇ ਸਲੋਗਨ-ਲਿਖਣ ਮੁਕਾਬਲੇ ਕਰਵਾਏ ਗਏ | ਪਿ੍ੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਆਪਣੇ ਸੰਬੋਧਨ ਦੌਰਾਨ ਸੰਸਥਾ ਵਿਚ ਇਕ ਸੁਰੱਖਿਅਤ ਸਿੱਖਿਆ ਵਾਤਾਵਰਨ ਨੂੰ ਉਤਸ਼ਾਹਿਤ ਕਰਨ ਦੀ ਅਟੱਲ ਵਚਨਬੱਧਤਾ ਨੂੰ ਦਿ੍ੜ ਕੀਤਾ | ਉਨ੍ਹਾਂ ਕਿਹਾ ਕਿ ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ ਕਿਸੇ ਵੀ ਤਰ੍ਹਾਂ ਦੀ ਰੈਗਿੰਗ ਦੇ ਵਿਰੁੱਧ ਮਜ਼ਬੂਤੀ ਨਾਲ ਖੜ੍ਹਾ ਹੈ | ਉਨ੍ਹਾਂ ਕਿਹਾ ਕਿ ਸਿੱਖਿਆ ਦਾ ਮਾਹੌਲ ਸਹਿਮ ਭਰਿਆ ਨਹੀਂ ਸਸ਼ਕਤ ਹੋਣਾ ਚਾਹੀਦਾ ਹੈ | ਵਿਦਿਆਰਥੀਆਂ ਅੰਦਰ ਆਪਸੀ ਸਤਿਕਾਰ ਦੀ ਭਾਵਨਾ, ਕਦਰਾਂ ਕੀਮਤਾਂ, ਹਮਦਰਦੀ ਅਤੇ ਸਮਾਨਤਾ ਦੇ ਭਾਵ ਪੈਦਾ ਕਰਨ ਲਈ ਅਜਿਹੀ ਪਹਿਲਕਦਮੀ ਦੀ ਜ਼ਰੂਰਤ ਹੈ ਤਾਂ ਜੋ ਰੈਗਿੰਗ ਦੀਆਂ ਘਟਨਾਵਾਂ ਦੀ ਰੋਕਥਾਮ ਕੀਤੀ ਜਾ ਸਕੇ |