ਅੰਮਿ੍ਤਸਰ, 30 ਅਗਸਤ (ਗਗਨਦੀਪ ਸ਼ਰਮਾ)-ਸ਼ਹਿਜ਼ਾਦਾ ਨੰਦ ਕਾਲਜ, ਗ੍ਰੀਨ ਐਵੀਨਿਊ ਵਿਖੇ ਮਹਿਲਾ ਵਿਕਾਸ ਸੈੱਲ ਅਤੇ ਹਿੰਦੀ ਵਿਭਾਗ ਦੇ ਸਾਂਝੇ ਉਦਮ ਹੇਠ ਇਕ ਭਾਸ਼ਣ ਕਰਵਾਇਆ ਗਿਆ, ਜਿਸ ਦਾ ਦਾ ਵਿਸ਼ਾ ਸੀ-'ਜੀਵਨ ਪ੍ਰਬੰਧਨ ਵਿਚ ਯੋਗਾ ਅਤੇ ਧਿਆਨ ਦੀ ਭੂਮਿਕਾ' | ਇਸ ਪ੍ਰੋਗਰਾਮ ਵਿਚ 'ਦਿਵਿਆ ਜਯੋਤੀ ਜਾਗਿ੍ਤੀ ਸੰਸਥਾਨ' ਤੋਂ ਸਾਧਵੀ ਮਨੇਂਦਰ ਭਾਰਤੀ ਨੇ ਬਤੌਰ ਮੁੱਖ ਮਹਿਮਾਨ ਅਤੇ ਬੁਲਾਰੇ ਵਜੋਂ ਸ਼ਿਰਕਤ ਕੀਤੀ | ਉਨ੍ਹਾਂ ਪੀ. ਪੀ. ਟੀ. ਰਾਹੀਂ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਅੱਜ ਦੀ ਨਵੀਂ ਪੀੜ੍ਹੀ ਦੀ ਜੀਵਨ ਸ਼ੈਲੀ ਵਿਚ ਨਕਾਰਾਤਮਕਤਾ, ਤਣਾਅ ਅਤੇ ਚਿੰਤਾ ਵੱਡੀਆਂ ਸਮੱਸਿਆਵਾਂ ਬਣ ਗਈਆਂ ਹਨ | ਜੀਵਨ ਵਿਚ ਸਫਲਤਾ ਦਾ ਮੂਲ ਰਾਜ਼ ਵਿਅਕਤੀ ਦੇ ਅੰਦਰ ਛੁਪਿਆ ਹੋਇਆ ਹੈ ਅਤੇ ਯੋਗ-ਧਿਆਨ ਇਸਨੂੰ ਪਛਾਣਨ ਦਾ ਮਾਧਿਅਮ ਹੈ | ਉਨ੍ਹਾਂ ਮਨੋਵਿਗਿਆਨੀ ਅਬ੍ਰਾਹਮ ਮਾਸਲੋ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਸਰੀਰਕ ਸਿਹਤ ਅਤੇ ਮਾਨਸਿਕ ਸ਼ਾਂਤੀ ਜੀਵਨ ਦੀਆਂ ਤਰਜੀਹਾਂ ਹੋਣੀਆਂ ਚਾਹੀਦੀਆਂ ਹਨ, ਪਰ ਅੱਜ ਦੀ ਪੀੜ੍ਹੀ ਡਿਜੀਟਲ ਪ੍ਰਵਾਹ, ਡਿਜੀਟਲ ਭਟਕਣਾ, ਡਿਜੀਟਲ ਭੁੱਲਣ ਦੀ ਬਿਮਾਰੀ, ਡਿਜੀਟਲ ਡਿਪਰੈਸ਼ਨ ਵਰਗੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ | ਉਨ੍ਹਾਂ ਵਿਦਿਆਰਥੀਆਂ ਨੂੰ ਨਾ ਸਿਰਫ਼ ਯੋਗ ਅਤੇ ਧਿਆਨ ਦੀ ਮਹੱਤਤਾ ਦੱਸੀ, ਸਗੋਂ ਕੁਝ ਆਸਣ ਅਤੇ ਯੋਗ ਗਤੀਵਿਧੀਆਂ ਵੀ ਸਿਖਾਈਆਂ ਅਤੇ ਨਾਲ ਹੀ ਵਿਦਿਆਰਥੀਆਂ ਨੂੰ ਛੋਟੀਆਂ-ਛੋਟੀਆਂ ਗਤੀਵਿਧੀਆਂ ਰਾਹੀਂ ਜੀਵਨ ਵਿਚ ਸ਼ਖਸੀਅਤ ਵਿਕਾਸ ਨੂੰ ਉਤਸ਼ਾਹਿਤ ਕਰਨ ਅਤੇ ਅਧਿਆਤਮਿਕਤਾ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣ ਲਈ ਵੀ ਪ੍ਰੇਰਿਤ ਕੀਤਾ | ਕਾਲਜ ਪਿ੍ੰਸੀਪਲ ਡਾ. ਰੀਨਾ ਤਲਵਾੜ ਨੇ ਕਿਹਾ ਕਿ ਸਰੀਰਕ ਸਿਹਤ ਦੇ ਨਾਲ-ਨਾਲ ਮਾਨਸਿਕ ਸਿਹਤ ਨੂੰ ਵੀ ਬਰਾਬਰ ਮਹੱਤਵਪੂਰਨ ਸਮਝਿਆ ਜਾਣਾ ਚਾਹੀਦਾ ਹੈ | ਉਨ੍ਹਾਂ ਵਿਦਿਆਰਥੀਆਂ ਨੂੰ ਯੋਗ ਅਤੇ ਧਿਆਨ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਾਉਣ ਦੀ ਅਪੀਲ ਕੀਤੀ | ਇਸ ਮੌਕੇ ਡਾ. ਨੇਹਾ ਹੰਸ, ਪਿ੍ਆ ਅਰੋੜਾ ਆਦਿ ਵੀ ਹਾਜ਼ਰ ਸਨ |