ਸੁਲਤਾਨਵਿੰਡ, 30 ਅਗਸਤ (ਗੁਰਨਾਮ ਸਿੰਘ ਬੁੱਟਰ)-ਨਗਰ-ਨਿਗਮ ਦੀ ਹਦੂਦ ਅੰਦਰ ਆਉਦੇ ਇਤਿਹਾਸਕ ਪਿੰਡ ਸੁਲਤਾਨਵਿੰਡ ਦੀ ਵਾਰਡ ਨੰਬਰ 37 ਦੇ ਇਲਾਕਾ ਪੱਤੀ ਸੁਲਤਾਨ ਦੀ ਭਾਈ ਮੰਝ ਸਾਹਿਬ ਰੋਡ ਵਿਖੇ ਨਿੱਤ ਲੱਗਦੇ ਕੂੜੇ ਦੇ ਢੇਰ ਨੂੰ ਲੈ ਕੇ ਇਲਾਕਾ ਵਾਸੀਆਂ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ | ਇਸ ਮੌਕੇ ਗੱਲਬਾਤ ਕਰਦਿਆਂ ਇਲਾਕਾ ਵਾਸੀਆਂ ਨੇ ਦੱਸਿਆ ਕਿ ਨਗਰ-ਨਿਗਮ ਸੰਬੰਧਿਤ ਅਧਿਕਾਰੀਆਂ ਤੇ ਇਲਾਕੇ ਦੀ ਕੌਂਸਲਰ ਨੂੰ ਬਾਰ-ਬਾਰ ਕਹਿਣ ਤੇ ਵੀ ਕੂੜੇ ਦੇ ਢੇਰਾਂ ਨਾਲ ਸੰਬੰਧਿਤ ਲੋਕਾਂ ਦੀ ਮੁਸ਼ਕਿਲ ਦਾ ਕੋਈ ਹੱਲ ਨਹੀਂ ਹੋ ਰਿਹਾ | ਜਿਥੇ ਇਸ ਸਮੱਸਿਆ ਕਰਕੇ ਆਸ-ਪਾਸ ਦੇ ਇਲਾਕੇ ਦੇ ਲੋਕਾਂ ਨੂੰ ਗੰਦੀ ਬਦਬੂ ਅਤੇ ਗੰਦਗੀ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ ਉਥੇ ਹੀ ਰਾਹਗੀਰ ਇਥੋਂ ਦੀ ਲੰਘਣ ਸਮੇਂ ਆਪਣਾ ਮੂੰਹ ਢੱਕ ਕੇ ਲੰਘਦੇ ਹਨ ਅਤੇ ਨਾਲ ਹੀ ਪ੍ਰਸ਼ਾਸਨ ਨੂੰ ਕੋਸਦੇ ਹੋਏ ਨਜ਼ਰ ਆਉਂਦੇ ਹਨ | ਇਲਾਕਾ ਪੱਤੀ ਸੁਲਤਾਨ ਦੀ ਭਾਈ ਮੰਝ ਸਾਹਿਬ ਰੋਡ ਵਿਖੇ ਲੱਗੇ ਕੂੜੇ ਦੇ ਢੇਰ ਕਿਸੇ ਨੇਕ ਨੇਤਾ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਇੰਤਜ਼ਾਰ ਕਰ ਰਹੇ ਹਨ ਪ੍ਰੰਤੂ ਹਾਲੇ ਤੱਕ ਇਥੇ ਕਿਸੇ ਦੀ ਵੀ ਕੋਈ ਪਹੁੰਚ ਨਹੀਂ ਹੋਈ ਕਿ ਇਲਾਕਾ ਵਾਸੀਆਂ ਦੀ ਇਸ ਸਮੱਸਿਆ ਦਾ ਹੱਲ ਕੀਤਾ ਜਾ ਸਕੇ | ਇਲਾਕਾ ਵਾਸੀਆਂ ਨੇ ਕਿਹਾ ਕਿ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾ ਵਿਚ ਆਮ ਆਦਮੀ ਪਾਰਟੀ ਦੇ ਕੌਂਸਲਰ ਅਤੇ ਸਮੂਹ ਅਸੁਦੇਦਾਰਾਂ ਦਾ ਆਪਣੇ ਇਲਾਕੇ ਵਿਚ ਬਾਈਕਾਟ ਕਰਾਗੇ | ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਭਾਈ ਮੰਝ ਸਾਹਿਬ ਰੋਡ ਸੜਕ ਕਿਨਾਰੇ ਲੱਗੇ ਕੂੜੇ ਦੇ ਢੇਰਾਂ ਨੂੰ ਜਲਦੀ ਹਟਾਇਆ ਜਾਵੇ ਅਤੇ ਇਲਾਕੇ ਵਿਚ ਫੈਲ ਰਹੀ ਬਦਬੂ 'ਤੇ ਕਾਬੂ ਪਾਇਆ ਜਾਵੇ | ਇਸ ਮੌਕੇ ਲਵਦੀਪ ਸਿੰਘ, ਅਕਾਲੀ ਦਲ ਦੇ ਸਾਬਕਾ ਕੌਂਸਲਰ ਗੁਰਮੇਜ ਸਿੰਘ ਬੱਬੀ, ਜਤਿੰਦਰ ਸਿੰਘ, ਹੀਰਾ ਸਿੰਘ, ਲਖਵਿੰਦਰ ਸਿੰਘ, ਗੁਰਮੀਤ ਸਿੰਘ, ਸਰਵਣ ਸਿੰਘ, ਬਲਵਿੰਦਰ ਸਿੰਘ, ਜੋਗਿੰਦਰ ਸਿੰਘ ਆਦਿ ਹਾਜ਼ਰ ਸਨ | ਜਦੋਂ ਇਸ ਸੰਬੰਧੀ ਸੁਪਰਵਾਈਜ਼ਰ ਤਰਸੇਮ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਲਾਕੇ 'ਚ ਜਿੱਥੇ ਵੀ ਕੂੜੇ ਦੇ ਢੇਰ ਹਨ ਉਨ੍ਹਾਂ ਨੂੰ ਜਲਦੀ ਹੀ ਹਟਾਇਆ ਜਾਵੇਗਾ ਅਤੇ ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਦਾ ਹੱਲ ਕੀਤਾ ਜਾਵੇਗਾ |