ਅੰਮਿ੍ਤਸਰ, 30 ਅਗਸਤ (ਸੁਰਿੰਦਰਪਾਲ ਸਿੰਘ ਵਰਪਾਲ)-ਹੜ੍ਹ ਪੀੜਤਾਂ ਲਈ ਟਰੈਕਟਰ ਸਭ ਤੋਂ ਵੱਡਾ ਹਮਦਰਦ ਬਣਕੇ ਉੱਭਰਿਆ ਹੈ, ਜਿਸ ਤੋਂ ਬਿਨਾਂ ਪੀੜਤਾਂ ਤੱਕ ਪਹੁੰਚ ਬਣਾਉਣੀ ਅਤੇ ਲੋੜੀਂਦੀ ਰਸਦ ਭੇਜਣੀ ਅਸੰਭਵ ਹੋਈ ਜਾਪਦੀ ਹੈ | ਭਾਵੇਂਕਿ, ਅਜੋਕੇ ਸਮੇਂ ਦੌਰਾਨ ਪੰਜਾਬੀਆਂ ਕੋਲ ਕਰੋੜਾਂ ਰੁਪਏ ਦੀਆਂ ਮਹਿੰਗੀਆਂ ਲਗਜਰੀ ਕਾਰਾਂ ਅਤੇ ਹੋਰ ਵਾਹਨ ਹਨ ਪਰ ਇਸ ਮੁਸੀਬਤ ਦੀ ਘੜੀ 'ਚ ਸਿਰਫ ਟਰੈਕਟਰ ਹੀ ਆਪਣੀ ਹਿੱਕ ਡਾਹ ਕੇ ਇਨ੍ਹਾਂ ਮੁਸੀਬਤਾਂ ਦਾ ਸਾਹਮਣਾ ਕਰ ਰਿਹਾ ਹੈ | ਪੰਜਾਬ ਇਕ ਖੇਤੀ ਅਧਾਰਿਤ ਸੂਬਾ ਹੈ, ਜਿਥੇ ਟਰੈਕਟਰ ਤੋਂ ਬਿਨ੍ਹਾਂ ਖੇਤੀ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ ਹੈ | ਖੇਤਾਂ 'ਚ ਫ਼ਸਲਾਂ ਦੀ ਪੈਦਾਵਾਰ ਲਈ ਤਿਆਰੀ ਤੋਂ ਲੈ ਕੇ ਮੰਡੀਆਂ ਤੱਕ ਫ਼ਸਲ ਲੈ ਕੇ ਜਾਣ ਤੱਕ ਟਰੈਕਟਰ ਕਿਸਾਨ ਲਈ ਉਸ ਦੇ ਸਭ ਤੋਂ ਨੇੜਲੇ ਅਤੇ ਵੱਡੇ ਸਾਥੀ ਦੀ ਭੂਮਿਕਾ ਨਿਭਾਉਂਦਾ ਹੈ, ਜਿਸ ਲਈ ਟਰੈਕਟਰ ਨੂੰ ਖੇਤਾਂ ਦਾ ਰਾਜਾ ਅਤੇ ਕਿਸਾਨ ਦਾ ਪੁੱਤ ਵੀ ਕਿਹਾ ਜਾਂਦਾ ਹੈ | ਚਾਹੇ ਖੁਸ਼ੀ ਦਾ ਸਮਾਂ ਹੋਵੇ ਜਾਂ ਫਿਰ ਗਮ ਦਾ ਟਰੈਕਟਰ ਹਰ ਸਮੇਂ ਕਿਸਾਨਾਂ ਦੇ ਨਾਲ ਖੜ੍ਹਾ ਹੁੰਦਾ ਹੈ | ਹੁਣ ਜਦੋਂ ਪੰਜਾਬ 'ਚ ਹੜ੍ਹ ਆਏ ਹਨ ਤਾਂ ਪੰਜਾਬੀਆਂ ਨੇ ਪ੍ਰਸ਼ਾਸਨ ਵਲੋਂ ਕੀਤੇ ਜਾਣ ਵਾਲੇ ਪ੍ਰਬੰਧਾਂ 'ਤੇ ਹੀ ਟੇਕ ਰੱਖਣ ਦੀ ਬਜਾਏ ਖ਼ੁਦ ਆਪਣੇ ਪਿੰਡਾਂ 'ਚੋਂ ਪੀੜਤਾਂ ਨੂੰ ਸੁਰੱਖਿਅਤ ਥਾਵਾਂ 'ਤੇ ਲੈ ਜਾਣ 'ਚ ਟਰੈਕਟਰ ਟਰਾਲੀਆਂ ਦੀ ਸਭ ਤੋਂ ਵੱਧ ਵਰਤੋਂ ਕੀਤੀ ਹੈ | ਇਥੋਂ ਤੱਕ ਕਿ ਜਿਥੇ ਸ਼ਾਸਨ ਅਤੇ ਪ੍ਰਸ਼ਾਸਨ ਦੀਆਂ ਮਹਿੰਗੀਆਂ ਗੱਡੀਆਂ ਪਾਣੀ ਦੇ ਵੱਡੇ ਵਹਿਣਾ 'ਚ ਜਾਣ ਤੋਂ ਜਵਾਬ ਦੇ ਗਈਆਂ ਹਨ, ਉਥੋਂ ਅੱਗੇ ਟਰੈਕਟਰ ਹੀ ਕੰਮ ਆਏ ਅਤੇ ਅਧਿਕਾਰੀਆਂ ਅਤੇ ਸਿਆਸਤਦਾਨਾਂ ਨੂੰ ਟਰੈਕਟਰਾਂ ਦੀ ਵਰਤੋਂ ਕਰਨੀ ਪਈ | ਇਸ ਦੌਰਾਨ ਬਹੁਤ ਸਾਰੇ ਇਲਾਕਿਆਂ 'ਚ ਜਦੋਂ ਪੀੜਤਾਂ ਨੂੰ 'ਰੈਣ ਬਸੇਰਿਆਂ' ਦੀ ਲੋੜ ਪਈ ਤਾਂ ਉਨ੍ਹਾਂ ਦੇ ਆਰਜੀ ਘਰ ਵੀ ਟਰੈਕਟਰ ਟਰਾਲੀਆਂ 'ਚ ਬਣੇ ਹੋਏ ਹਨ, ਜਿਸ 'ਚ ਉਨ੍ਹਾਂ ਵਲੋਂ ਆਪਣੇ ਘਰਾਂ ਦਾ ਸਾਜੋ-ਸਾਮਾਨ ਵੀ ਇਕ ਤੋਂ ਦੂਜੀ ਥਾਂ ਲੈ ਕੇ ਜਾਇਆ ਜਾ ਰਿਹਾ ਹੈ |