ਅੰਮਿ੍ਤਸਰ, 30 ਅਗਸਤ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਗ੍ਰਹਿ ਮੰਤਰੀ ਸਈਦ ਮੋਹਸਿਨ ਰਜ਼ਾ ਨਕਵੀ ਨੇ ਸਾਊਦੀ ਅਰਬ 'ਚ ਭੀਖ ਮੰਗਣ ਲਈ ਸੈਂਕੜਿਆਂ ਦੀ ਗਿਣਤੀ 'ਚ ਜਾਣ ਵਾਲੇ ਪਾਕਿਸਤਾਨੀ ਭਿਖਾਰੀਆਂ ਪ੍ਰਤੀ ਕੋਈ ਨਰਮੀ ਨਹੀਂ ਵਰਤਣ ਦਾ ਪ੍ਰਣ ਲਿਆ ਹੈ | ਪ੍ਰਾਪਤ ਵੇਰਵਿਆਂ ਅਨੁਸਾਰ ਅੱਜ ਨਕਵੀ ਨੇ ਪਾਕਿ 'ਚ ਸਾਊਦੀ ਰਾਜਦੂਤ ਨਵਾਫ ਬਿਨ ਸਈਦ ਅਹਿਮਦ ਅਲ-ਮਲਕੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਇਹ ਭਰੋਸਾ ਦਿਵਾਇਆ | ਦੱਸਿਆ ਜਾ ਰਿਹਾ ਹੈ ਕਿ ਸਾਊਦੀ ਅਰਬ ਸਮੇਤ ਕਈ ਦੇਸ਼ਾਂ ਦੀਆਂ ਚਿਤਾਵਨੀਆਂ ਤੋਂ ਬਾਅਦ ਪਾਕਿ ਨੇ 4300 ਭਿਖਾਰੀਆਂ ਨੂੰ 'ਨੋ ਫਲਾਈ ਲਿਸਟ' ਵਿਚ ਪਾ ਦਿੱਤਾ ਹੈ | ਦਰਅਸਲ, ਹਾਲ ਹੀ 'ਚ ਕਈ ਦੇਸ਼ਾਂ ਨੇ ਪਾਕਿ ਨੂੰ ਧਮਕੀ ਦਿੱਤੀ ਸੀ ਕਿ ਜੇਕਰ ਉਸ ਨੇ ਭਿਖਾਰੀਆਂ ਨੂੰ ਭੇਜਣਾ ਬੰਦ ਨਾ ਕੀਤਾ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ | ਸਾਊਦੀ ਹੱਜ ਮੰਤਰਾਲੇ ਨੇ ਵੀ ਪਾਕਿ ਦੇ ਧਾਰਮਿਕ ਮਾਮਲਿਆਂ ਦੇ ਮੰਤਰਾਲੇ ਨੂੰ ਇਹੀ ਚਿਤਾਵਨੀ ਦਿੱਤੀ ਸੀ |