ਜਲਾਲਾਬਾਦ, 4 ਦਸੰਬਰ (ਹਰਪ੍ਰੀਤ ਸਿੰਘ ਪਰੂਥੀ)-ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਪਲੇਟਫ਼ਾਰਮ ਤੋਂ 2 ਦਸੰਬਰ ਤੋਂ 4 ਦਸੰਬਰ 2025 ਤੱਕ ਲਗਾਤਾਰ 3 ਰੋਜ਼ਾ ਦਿਨ-ਰਾਤ ਸੰਘਰਸ਼ ਦੇ ਤਹਿਤ ਪੰਜਾਬ ਭਰ ਵਿਚ ਦਿੱਤੇ ਜਾ ਰਹੇ ਧਰਨਿਆਂ ਦੇ ਅੱਜ ਆਖ਼ਰੀ ਦਿਨ ਵੀਰਵਾਰ ਨੂੰ ਵੀ ਜਲ ਸਪਲਾਈ ਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ (ਰਜਿ.31) ਦੀ ਸੂਬਾ ਕਮੇਟੀ ਦੇ ਫ਼ੈਸਲੇ ਤਹਿਤ ਵਿਭਾਗੀ ਦਫ਼ਤਰ ਗੁੰਮਾਨੀਵਾਲਾ (ਜਲਾਲਾਬਾਦ) ਅਤੇ ਪਾਵਰ ਕਾਮ ਐਂਡ ਟ੍ਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਵੱਲੋਂ ਬਿਜਲੀ ਵਿਭਾਗ ਦੇ ਐਕਸੀਅਨ ਦਫ਼ਤਰ ਅੱਗੇ ਧਰਨੇ ਦਿੱਤੇ ਗਏ | ਇਨ੍ਹਾਂ ਧਰਨਿਆਂ ਦੇ ਦੌਰਾਨ ਜਲ ਸਪਲਾਈ ਦੇ ਠੇਕਾ ਕਾਮਿਆਂ ਅਤੇ ਬਿਜਲੀ ਵਿਭਾਗ ਦੇ ਠੇਕਾ ਕਾਮਿਆਂ ਵੱਲੋਂ ਮੋਟਰ ਸਾਈਕਲ ਰਾਹੀ ਮਾਰਚ ਕਰਦੇ ਹੋਏ ਤਹਿਸੀਲ ਕੰਪਲੈਕਸ ਐੱਸ.ਡੀ.ਐਮ. ਦਫ਼ਤਰ ਜਲਾਲਾਬਾਦ ਪੁੱਜੇ, ਜਿੱਥੇ ਰੋਹ ਭਰਪੂਰ ਧਰਨਾ ਦਿੱਤਾ ਗਿਆ ਅਤੇ ਪੰਜਾਬ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ | ਇਸ ਸਬੰਧੀ ਇੱਥੇ ਪੈੱ੍ਰਸ ਬਿਆਨ ਜਾਰੀ ਕਰਦਿਆਂ ਉਪਰੋਕਤ ਜਥੇਬੰਦੀਆਂ ਦੇ ਆਗੂਆਂ ਸੂਬਾ ਪੈੱ੍ਰਸ ਸਕੱਤਰ ਸਤਨਾਮ ਸਿੰਘ ਫਲੀਆਵਾਲਾ, ਜਸਵਿੰਦਰ ਸਿੰਘ ਚੱਕ ਜਾਨੀਸਰ ਗੁਰਮੀਤ ਸਿੰਘ ਆਲਮ ਕੇ, ਬਲਵਿੰਦਰ ਸਿੰਘ, ਰਾਕੇਸ਼ ਸਿੰਘ ਹੀਰੇਵਾਲਾ, ਸੁਖਚੈਨ ਸਿੰਘ ਸੋਢੀ, ਨਰਿੰਦਰ ਸਿੰਘ, ਛਿੰਦਰ ਸਿੰਘ, ਰਵੀ ਭਾਰਤੀ, ਪਿ੍ੰਸ ਮੱਕੜ ਨੇ ਦੱਸਿਆ ਕਿ ਮੋਰਚੇ ਦੇ ਫ਼ੈਸਲੇ ਤਹਿਤ ਲਗਾਤਾਰ 3 ਦਿਨ ਵਿਭਾਗੀ ਦਫ਼ਤਰਾਂ ਅੱਗੇ ਰੋਸ ਪ੍ਰਦਰਸ਼ਨ ਕਰਨ ਉਪਰੰਤ ਇੱਥੇ ਰੋਸ ਮਾਰਚ ਕਰਦੇ ਹੋਏ ਐੱਸ.ਡੀ.ਐਮ. ਦਫ਼ਤਰ ਜਲਾਲਾਬਾਦ ਰਾਹੀ ਪੰਜਾਬ ਸਰਕਾਰ ਨੂੰ ਮੰਗ ਪੱਤਰ ਸੌਂਪਿਆ ਗਿਆ ਅਤੇ ਮੰਗ ਕੀਤੀ ਗਈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਨਾਲ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੀ ਸੂਬਾਈ ਲੀਡਰਸ਼ਿਪ ਦੇ ਨਾਲ ਪੈਨਲ ਮੀਟਿੰਗ ਕਰਕੇ ਆਪਸੀ ਵਿਚਾਰ-ਵਟਾਂਦਰਾ ਕਰਨ ਉਪਰੰਤ ਇਸ ਮੰਗ-ਪੱਤਰ ਵਿਚ ਦਰਜ ਹੱਕੀ ਤੇ ਜਾਇਜ਼ ਮੰਗਾਂ ਜਿਵੇਂ ਕਿ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ 'ਚ ਸੇਵਾਵਾਂ ਨਿਭਾਅ ਰਹੇ ਇਨਲਿਸਟਮੈਂਟ, ਆਊਟ ਸੋਰਸ, ਠੇਕੇਦਾਰਾਂ, ਕੰਪਨੀਆਂ, ਸੁਸਾਇਟੀਆਂ, ਡੇਲੀਵੇਜ ਆਦਿ ਕੈਟਾਗਰੀਆਂ ਅਧੀਨ ਸੇਵਾਵਾਂ ਦੇ ਰਹੇ ਸਮੂਹ ਠੇਕਾ ਮੁਲਾਜ਼ਮਾਂ ਨੂੰ ਉਨ੍ਹਾਂ ਦੇ ਤਜਰਬੇ ਦੇ ਆਧਾਰ 'ਤੇ ਸਬੰਧਿਤ ਵਿਭਾਗਾਂ ਵਿਚ ਮਰਜ਼ ਕਰਕੇ ਰੈਗੂਲਰ ਕਰਕੇ ਪੱਕਾ ਰੁਜ਼ਗਾਰ ਦਾ ਪ੍ਰਬੰਧ ਕੀਤਾ ਜਾਵੇ, ਸਰਕਾਰੀ ਵਿਭਾਗਾਂ ਦੇ ਨਿੱਜੀਕਰਨ/ਪੰਚਾਇਤੀਕਰਨ ਕਰਨ ਦੀਆਂ ਨੀਤੀਆਂ ਨੂੰ ਰੱਦ ਕਰਕੇ ਸਰਕਾਰ ਵੱਲੋਂ ਇਨ੍ਹਾਂ ਵਿਭਾਗਾਂ ਦਾ ਕੰਮ ਖ਼ੁਦ ਚਲਾਉਣ ਦਾ ਫ਼ੈਸਲਾ ਲਿਆ ਜਾਵੇ | ਨਵੇਂ ਕਿਰਤ ਅਤੇ ਬਿਜਲੀ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ | ਸਰਕਾਰੀ ਵਿਭਾਗਾਂ ਵਿਚ ਆਹਲੂਵਾਲੀਆ ਕਮੇਟੀ ਦੀਆਂ ਸਿਫ਼ਾਰਸ਼ਾਂ ਅਨੁਸਾਰ ਖ਼ਤਮ ਕੀਤੀਆਂ ਰੈਗੂਲਰ ਅਸਾਮੀਆਂ ਬਹਾਲ ਕੀਤੀਆਂ ਜਾਣ | ਰਿਟਾਇਰਮੈਂਟ ਕਾਰਨ ਨਾਲ ਖ਼ਾਲੀ ਅਸਾਮੀਆਂ ਦੇ ਨਾਲ ਵਧੇ ਕੰਮ ਭਾਰ ਮੁਤਾਬਿਕ ਨਵੀਆਂ ਅਸਾਮੀਆਂ ਦੀ ਸਿਰਜਣਾ ਕੀਤੀ ਜਾਵੇ | ਇਨ੍ਹਾਂ ਖ਼ਾਲੀ ਅਸਾਮੀਆਂ ਤੇ ਇਨਲਿਸਟਮੈਂਟ ਅਤੇ ਆਊਟ ਸੋਰਸ ਮੁਲਾਜ਼ਮਾਂ ਦੀ ਸੀਨੀਅਰਤਾ ਦੇ ਆਧਾਰ ਤੇ ਬਗੈਰ ਕਿਸੇ ਹੋਰ ਸ਼ਰਤ ਤੋਂ ਪੱਕੀ ਤੈਨਾਤੀ ਕੀਤੀ ਜਾਵੇ | ਹਰ ਕੈਟਾਗਰੀ ਨਾਲ ਸਬੰਧਿਤ ਠੇਕਾ ਮੁਲਾਜ਼ਮਾਂ ਨੂੰ ਘੱਟੋ-ਘੱਟ ਉਜਰਤ ਦੇ ਕਾਨੂੰਨ 1948 ਵਿਚ 15ਵੀਂ ਲੇਬਰ ਕਾਨਫ਼ਰੰਸ, 1957 ਦੀਆਂ ਸਿਫ਼ਾਰਸ਼ਾਂ ਨੂੰ ਸ਼ਾਮਲ ਕਰਕੇ ਤਨਖ਼ਾਹ ਨਿਸ਼ਚਿਤ ਕੀਤੀ ਜਾਵੇ | ਸੇਵਾ ਸਮੇਂ ਦੌਰਾਨ ਹੋਣ ਵਾਲੇ ਗੈਰ-ਘਾਤਕ ਹਾਦਸਿਆਂ 100% ਭਰਪਾਈ ਵਿਭਾਗ ਵੱਲੋਂ ਕਰਨ ਦੀ ਗਰੰਟੀ ਕੀਤੀ ਜਾਵੇ | ਘਾਤਕ ਹਾਦਸਿਆਂ ਦੀ ਸੂਰਤ ਵਿਚ ਘੱਟੋ-ਘੱਟ ਪਰਿਵਾਰ ਨੂੰ 50 ਲੱਖ ਰੁਪਏ ਮੁਆਵਜ਼ੇ ਦੀ ਅਦਾਇਗੀ ਦੇ ਨਾਲ ਪਰਿਵਾਰ ਦੇ ਇਕ ਜੀਅ ਨੂੰ ਪੱਕੀ ਨੌਕਰੀ ਅਤੇ ਪੈਨਸ਼ਨ ਦਾ ਪ੍ਰਬੰਧ ਕੀਤਾ ਜਾਵੇ | ਰਿਟਾਇਰਮੈਂਟ ਉਪਰੰਤ ਸਮੂਹ ਠੇਕਾ ਮੁਲਾਜ਼ਮਾਂ ਲਈ ਪੈਨਸ਼ਨ ਅਤੇ ਗਰੈਚੁਟੀ ਦੇ ਲਾਭ ਦੀ ਅਦਾਇਗੀ ਕੀਤੀ ਜਾਵੇ | ਇਸ ਵਿਉਂਤਬੰਦੀ ਨੂੰ ਲਾਗੂ ਕਰਨ ਦੇ ਸਮੇਂ ਤੱਕ ਹਰ ਰਿਟਾਇਰਡ ਮੁਲਾਜ਼ਮ ਨੂੰ 50 ਲੱਖ ਰੁਪਏ ਦੀ ਅਦਾਇਗੀ ਦੇ ਨਾਲ ਨਾਲ ਪਰਿਵਾਰ ਦੇ ਇੱਕ ਜੀਅ ਲਈ ਨੌਕਰੀ ਦਾ ਪ੍ਰਬੰਧ ਕੀਤਾ ਜਾਵੇ | ਇੰਨਲਿਸਟਮੈਟ ਠੇਕਾ ਆਧਾਰਿਤ ਵਰਕਰਾਂ ਨੂੰ ਈ.ਪੀ.ਐਫ. ਅਤੇ ਈ.ਐੱਸ.ਆਈ. ਸਕੀਮ ਅਧੀਨ ਲਿਆਂਦਾ ਜਾਵੇ |