15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਹਰ ਸ਼ੁੱਕਰਵਾਰ ਡੇਂਗੂ 'ਤੇ ਵਾਰ' ਮੁਹਿੰਮ ਕਾਰਨ ਡੇਂਗੂ ਮਾਮਲਿਆਂ 'ਚ ਆਈ ਕਮੀ-ਡਾ. ਸੁਰੇਸ਼ ਕੰਬੋਜ

ਅਜੀਤ ਡੈਸਕ 03-09-2025
ਅਬੋਹਰ, 2 ਸਤੰਬਰ (ਵਿਵੇਕ ਹੂੜੀਆ)-ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਸੁਰੇਸ਼ ਕੰਬੋਜ ਦੀ ਅਗਵਾਈ ਵਿਚ ਅਬੋਹਰ ਵਿਖੇ ਚਲਾਈ ਜਾ ਰਹੀ 'ਹਰ ਸ਼ੁੱਕਰਵਾਰ ਡੇਂਗੂ 'ਤੇ ਵਾਰ' ਮੁਹਿੰਮ ਸਫਲ ਸਾਬਤ ਹੋ ਰਹੀ ਹੈ | ਇਸ ਮੁਹਿੰਮ ਤਹਿਤ ਪਿਛਲੇ ਦੋ ਸਾਲਾਂ ਵਿਚ ਡੇਂਗੂ ਦੇ ਮਾਮਲਿਆਂ ਵਿਚ ਕਮੀ ਦੇਖਣ ਨੂੰ ਮਿਲੀ ਹੈ ਅਤੇ ਅਬੋਹਰ ਵਿਚ ਇਸ ਸਾਲ ਹੁਣ ਤੱਕ ਕੋਈ ਵੀ ਡੇਂਗੂ ਦਾ ਕੇਸ ਰਿਪੋਰਟ ਨਹੀਂ ਹੋਇਆ ਹੈ | ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਸੁਰੇਸ਼ ਕੰਬੋਜ ਨੇ ਕਿਹਾ ਕਿ ਇਸ ਮੁਹਿੰਮ ਦੀ ਸ਼ੁਰੂਆਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ.ਬਲਬੀਰ ਸਿੰਘ ਦੀ ਅਗਵਾਈ ਵਿਚ ਸਿਹਤ ਵਿਭਾਗ ਵਲੋਂ ਸਾਲ 2023 ਵਿਚ ਕੀਤੀ ਗਈ ਸੀ | ਜਿਸ ਦਾ ਮੁੱਖ ਉਦੇਸ਼ ਡੇਂਗੂ ਦੇ ਲਾਰਵੇ ਨੂੰ ਪੈਦਾ ਹੋਣ ਤੋਂ ਪਹਿਲਾਂ ਹੀ ਨਸ਼ਟ ਕਰਨਾ ਸੀ | ਇਸ ਮੁਹਿੰਮ ਦੇ ਤਹਿਤ ਹਰ ਸ਼ੁੱਕਰਵਾਰ ਨੂੰ ਸਰਕਾਰੀ ਦਫ਼ਤਰਾਂ, ਹਸਪਤਾਲਾਂ, ਸਲੱਮ ਏਰੀਆ, ਰੇਲਵੇ ਸਟੇਸ਼ਨਾਂ, ਬੱਸ ਸਟੈਂਡਾਂ, ਧਾਰਮਿਕ ਸਥਾਨ, ਹੋਟ ਸਪਾਟ ਏਰੀਆ, ਨਰਸਰੀ, ਕਬਾੜ ਦੀਆਂ ਦੁਕਾਨਾਂ ਅਤੇ ਹੋਰ ਜਨਤਕ ਥਾਵਾਂ 'ਤੇ ਵਿਸ਼ੇਸ਼ ਟੀਮਾਂ ਭੇਜੀਆਂ ਜਾਂਦੀਆਂ ਹਨ | ਨੋਡਲ ਅਫ਼ਸਰ ਡਾਕਟਰ ਧਰਮਵੀਰ ਅਰੋੜਾ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਅਬੋਹਰ ਅਧੀਨ ਮਲਟੀ ਪਰਪਜ਼ ਹੈਲਥ ਵਰਕਰਾਂ ਦੀ ਨਿਗਰਾਨੀ ਹੇਠ 4 ਟੀਮਾਂ ਦਾ ਗਠਨ ਕੀਤਾ ਗਿਆ ਹੈ, ਜੋ ਕਿ ਕੂਲਰਾਂ, ਗਮਲਿਆਂ, ਪਾਣੀ ਦੀਆਂ ਟੈਂਕੀਆਂ ਅਤੇ ਹੋਰ ਥਾਵਾਂ ਦੀ ਜਾਂਚ ਕਰਦੀਆਂ ਹਨ, ਜਿੱਥੇ ਖੜ੍ਹੇ ਪਾਣੀ ਵਿਚ ਮੱਛਰ ਦਾ ਲਾਰਵਾ ਪੈਦਾ ਹੋ ਸਕਦਾ ਹੈ | ਇਸ ਦੇ ਨਾਲ ਹੀ ਆਮ ਲੋਕਾਂ ਨੂੰ ਡੇਂਗੂ ਦੇ ਲੱਛਣਾਂ ਅਤੇ ਬਚਾਅ ਦੇ ਤਰੀਕਿਆਂ ਬਾਰੇ ਵੀ ਜਾਗਰੂਕ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਇਹਨਾਂ ਟੀਮਾਂ ਵੱਲੋਂ ਇੱਕ ਵਾਰ ਸ਼ਹਿਰ ਦੇ ਸਮੂਹ 32750 ਘਰਾਂ ਦਾ ਸਰਵੇ ਅਤੇ ਜਾਂਚ ਕੀਤੀ ਜਾ ਚੁੱਕੀ ਹੈ ਅਤੇ ਹਾਈ ਰਿਸਕ ਏਰੀਆ ਦੀ ਵਿਜ਼ਟ ਦੋ ਵਾਰ ਮੁਕੰਮਲ ਹੋ ਚੁੱਕੀ ਹੋ ਅਤੇ ਹੁਣ ਵੀ ਜਾਰੀ ਹੈ | ਇਹਨਾਂ ਹਾਈ ਰਿਸਕ ਏਰੀਆ ਵਿਚ ਨਾਨਕ ਨਗਰੀ, ਅਨੰਦ ਨਗਰੀ, ਪ੍ਰੇਮ ਨਗਰ, ਗੋਬਿੰਦ ਨਗਰੀ, ਠਾਕਰ ਆਬਾਦੀ, ਮਾਡਲ ਟਾਊਨ, ਸੁਭਾਸ਼ ਨਗਰੀ, ਪੰਜ ਪੀਰ ਅਤੇ ਸ਼ਹੀਦ ਭਗਤ ਸਿੰਘ ਨਗਰ ਸ਼ਾਮਲ ਹਨ | ਇਹਨਾਂ ਥਾਵਾਂ 'ਤੇ ਪਿਛਲੇ ਸਾਲਾਂ ਵਿਚ ਡੇਂਗੂ ਦੇ ਮਾਮਲੇ ਸਾਹਮਣੇ ਆਏ ਸਨ | ਐਨ.ਵੀ.ਬੀ.ਡੀ.ਸੀ.ਪੀ ਬਰਾਂਚ ਇੰਚਾਰਜ ਟਹਿਲ ਸਿੰਘ ਨੇ ਕਿਹਾ ਕਿ ਬਰਸਾਤੀ ਮੌਸਮ ਕਾਰਨ ਥਾਂ-ਥਾਂ ਤੇ ਪਾਣੀ ਜਮਾਂ ਹੋਣ ਕਾਰਨ ਮੱਛਰਾਂ ਦੀ ਪੈਦਾਵਾਰ ਦਾ ਖ਼ਤਰਾ ਬਣਿਆ ਰਹਿੰਦਾ ਹੈ, ਪਰ ਐਨ.ਵੀ.ਬੀ.ਡੀ.ਸੀ.ਪੀ ਵਿੰਗ ਅਤੇ ਬਰੀਡਿੰਗ ਚੈੱਕਰਾਂ ਵੱਲੋਂ ਲਗਾਤਾਰ ਘਰਾਂ ਅਤੇ ਵੱਖ-ਵੱਖ ਏਰੀਆ ਦੀ ਵਿਜ਼ਟ ਕਰਕੇ ਜਿੱਥੇ ਵੀ ਲਾਰਵਾ ਮਿਲਦਾ ਹੈ, ਉਸ ਨੂੰ ਉਸ ਸਮੇਂ ਹੀ ਨਸ਼ਟ ਕੀਤਾ ਜਾ ਰਿਹਾ ਹੈ | ਡਿਪਟੀ ਮਾਸ ਮੀਡੀਆ ਅਫ਼ਸਰ ਮਨਬੀਰ ਸਿੰਘ ਨੇ ਕਿਹਾ ਕਿ ਹਰ ਸ਼ੁੱਕਰਵਾਰ-ਡੇਂਗੂ 'ਤੇ ਵਾਰ ਮੁਹਿੰਮ ਤਹਿਤ ਟੀਮਾਂ ਵੱਲੋਂ ਵੱਖ-ਵੱਖ ਥਾਵਾਂ ਤੇ ਜਾ ਕੇ ਸਰਵੇ ਦੇ ਨਾਲ-ਨਾਲ ਜਾਗਰੂਕ ਕੀਤਾ ਜਾਂਦਾ ਹੈ | ਇਸ ਮੌਕੇ ਮ.ਪ.ਹ.ਵ ਪਰਮਜੀਤ ਸਿੰਘ, ਜਗਦੀਸ਼ ਕੁਮਾਰ, ਰਾਜੀਵ ਕੁਮਾਰ, ਭਾਰਤ ਸੇਠੀ ਅਤੇ ਬਰੀਡਿੰਗ ਚੈੱਕਰ ਮੌਜੂਦ ਸਨ |
ਪਿਛਲੀ ਖ਼ਬਰ ਪਿੰਡ ਫਲੀਆਵਾਲਾ 'ਚ ਮੀਂਹ ਦੇ ਕਹਿਰ ਨਾਲ ਕਮਰਾ ਡਿੱਗਾ ਅਗਲੀ ਖ਼ਬਰ ਅਕਾਲ ਅਕੈਡਮੀ ਖੂਈਆਂ ਸਰਵਰ ਦੀ ਗਤਕਾ ਟੀਮ ਵਲੋਂ 10ਵੀਂ ਪੰਜਾਬ ਸਟੇਟ ਸੀਨੀਅਰ ਗਤਕਾ ਚੈਂਪੀਅਨਸ਼ਿਪ 'ਚ ਕੀਤਾ ਗਿਆ ਸ਼ਾਨਦ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।