ਧਿਆਨਪੁਰ, 21 ਅਕਤੂਬਰ (ਕੁਲਦੀਪ ਸਿੰਘ ਸੋਨੂੰ)-ਪੰਜਾਬ 'ਚ ਆਏ ਹੜ੍ਹਾਂ ਕਰਕੇ ਪੂਰੇ ਪੰਜਾਬ ਸਮੇਤ ਹਲਕਾ ਡੇਰਾ ਬਾਬਾ ਨਾਨਕ ਦੇ ਲਗਭਗ 150 ਪਿੰਡਾਂ ਦੇ ਕਿਸਾਨਾਂ ਦੀ ਫ਼ਸਲ ਤਬਾਹ ਹੋਣ ਤੇ ਪਿਛਲੇ ਸਾਲ ਦੇ ਮੁਕਾਬਲੇ ਬਹੁਤ ਘੱਟ ਝੋਨਾ ਹੋਣ ਕਰਕੇ ਇਲਾਕੇ ਦੇ ਕਿਸਾਨਾਂ ਤੇ ਮਜ਼ਦੂਰਾਂ ਦੇ ਚਿਹਰੇ ਮੁਰਝਾਏ ਹੋਏ ਹਨ, ਜਿਸ ਕਰਕੇ ਇਸ ਵਾਰੀ ਮੰਡੀਆਂ ਵਿਚ ਵੀ ਬਹੁਤ ਘੱਟ ਝੋਨੇ ਦੀ ਫ਼ਸਲ ਆ ਰਹੀ ਹੈ | ਇਸ ਸਬੰਧੀ ਸਰਪੰਚ ਹਰਜਿੰਦਰ ਸਿੰਘ ਧਾਰੋਵਾਲੀ, ਡਾ. ਇਕਬਾਲ ਸਿੰਘ ਨੂਰਪੁਰ, ਸਾਬਕਾ ਸਰਪੰਚ ਗੁਰਦੇਵ ਸਿੰਘ ਤਾਰੋਵਾਲੀ, ਜੋਤੀ ਧਾਰੋਵਾਲੀ, ਡਾ. ਬਲਵਿੰਦਰ ਸਿੰਘ ਉਦੋਵਾਲੀ, ਸਰਪੰਚ ਰਣਜੀਤ ਸਿੰਘ ਰਾਣਾ, ਸਰਪੰਚ ਮਨਮੋਹਨ ਸਿੰਘ, ਚੇਆਰਮੇਨ ਗੁਰਦੇਵ ਸਿੰਘ ਧਾਰੋਵਾਲੀ, ਸਰਪੰਚ ਰਣਜੀਤ ਸਿੰਘ ਗਾਜੀਨੰਗਲ ਤੇ ਉੱਘੇ ਸਮਾਜ ਸੇਵਕ ਹਰਪਾਲ ਸਿੰਘ ਧਾਰੋਵਾਲੀ ਨੇ ਦੱਸਿਆ ਕਿ ਇਸ ਝੋਨੇ ਦੀ ਫ਼ਸਲ ਤੋਂ ਕਿਸੇ ਨੇ ਕਰਜ਼ਾ ਲੈਣਾ ਸੀ, ਕਿਸੇ ਭੈਣ ਦਾ ਵਿਆਹ ਕਰਨਾ ਸੀ, ਕਿਸੇ ਵਿਦਿਆਰਥੀ ਦਾ ਪੜ੍ਹਾਈ ਦਾ ਸੁਪਨਾ ਟੁੱਟ ਗਿਆ, ਕਿਸੇ ਦਾ ਵਿਦੇਸ਼ ਜਾਣਾ ਰੁਕ ਗਿਆ ਤੇ ਕਈਆਂ ਦਾ ਸਭ ਕੁਝ ਮੁੱਕ ਗਿਆ, ਭਾਵ ਬਹੁਤਿਆਂ ਕਿਸਾਨਾਂ ਦੇ ਸੁਪਨੇ ਮਰਨ ਕਰਕੇ ਉਨ੍ਹਾਂ ਨੂੰ ਇਹ ਦੀਵਾਲੀ ਕਾਲੀ ਨਜ਼ਰ ਆ ਰਹੀ ਹੈ | ਉਨ੍ਹਾਂ ਕਿਹਾ ਕਿ ਹੁਣ ਲੋੜ ਹੈ ਕਿ ਸਰਕਾਰਾਂ, ਸਮਾਜਿਕ, ਧਾਰਮਿਕ, ਸਮਾਜਿਕ, ਰਾਜਨੀਤਿਕ ਸੰਸਥਾਵਾਂ ਅਤੇ ਪੰਜਾਬ ਦੇ ਦਰਦੀਆਂ ਨੂੰ ਹੜ੍ਹ ਪੀੜਤਾਂ ਦੀ ਜ਼ਿੰਦਗੀ ਨੂੰ ਲੀਹਾਂ 'ਤੇ ਚਾੜਨ ਲਈ ਭਰਪੂਰ ਮਦਦ ਕਰਨ ਦੀ |