ਬਟਾਲਾ, 21 ਅਕਤੂਬਰ (ਹਰਦੇਵ ਸਿੰਘ ਸੰਧੂ)-ਸ਼ਹਿਰ ਬਟਾਲਾ ਦੀ ਇਕ ਪੋਸ਼ ਕਾਲੋਨੀ ਨੇੜੇ ਇਕ ਕਬਾੜ ਦੀ ਦੁਕਾਨ ਅੰਦਰ ਬੀਤੀ ਦੇਰ ਰਾਤ ਅਚਾਨਕ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ | ਇਸ ਬਾਰੇ ਕਬਾੜ ਦੀ ਦੁਕਾਨ ਦੇ ਮਾਲਕ ਰਾਘਵ ਮਹਾਜਨ ਪੁੱਤਰ ਨਰੇਸ਼ ਮਹਾਜਨ ਵਾਸੀ ਧਰਮਪੁਰਾ ਕਾਲੋਨੀ ਬਟਾਲਾ ਨੇ ਦੱਸਿਆ ਕਿ ਸਾਡੀ ਖਜ਼ੂਰੀ ਗੇਟ ਨੇੜੇ ਮਾਸਟਰ ਮਾਰਕਿਟ ਵਿਚ ਐੱਨ.ਐੱਮ. ਇੰਡਸਟਰੀ ਕਬਾੜ ਦੀ ਦੁਕਾਨ ਹੈ, ਜਿਸ ਨੂੰ ਅਸੀਂ ਦੀਵਾਲੀ ਹੋਣ ਕਰਕੇ ਕਰੀਬ 7 ਵਜੇ ਬੰਦ ਕਰਕੇ ਚਲੇ ਗਏ ਸੀ ਕਿ ਰਾਤ ਆਸ-ਪਾਸ ਦੇ ਗੁਆਂਢੀਆਂ ਵਲੋਂ ਫ਼ੋਨ ਆਇਆ ਕਿ ਤੁਹਾਡੇ ਗੋਦਾਮ ਅੰਦਰੇ ਧੂੰਆਂ ਨਿਕਲ ਰਿਹਾ, ਜਦ ਅਸੀਂ ਪਹੁੰਚੇ ਤਾਂ ਅੱਗ ਜ਼ੋਰ ਫ਼ੜ ਚੁੱਕੀ ਸੀ ਤੇ ਤੁਰੰਤ ਫਾਇਰ ਬਿ੍ਗੇਡ ਨੂੰ ਸੂਚਿਤ ਕੀਤਾ | ਫਾਇਰ ਬਿ੍ਗੇਡ ਦੀ ਟੀਮ ਵਲੋਂ ਫਾਇਰ ਮਾਸਟਰ ਨੀਰਜ ਕੁਮਾਰ ਤੇ ਰਕੇਸ਼ ਕੁਮਾਰ ਦੀ ਅਗਵਾਈ ਵਿਚ ਅੱਗ 'ਤੇ ਕਾਬੂ ਪਾਉਣ ਦੀ ਸਖ਼ਤ ਮਿਹਨਤ ਕੀਤੀ ਗਈ | ਉਨ੍ਹਾਂ ਦੱਸਿਆ ਕਿ 30 ਦੇ ਕਰੀਬ ਅੱਗ ਬੁਝਾਊ ਗੱਡੀਆਂ ਨੇ ਅੱਗ 'ਤੇ ਕਾਬੂ ਪਾਇਆ | ਇਸ ਦੌਰਾਨ ਹਲਕਾ ਵਿਧਾਇਕ ਸ਼ੈਰੀ ਕਲਸੀ ਦੇ ਭਰਾ ਅੰਮਿ੍ਤਪਾਲ ਸਿੰਘ ਕਲਸੀ ਤੇ ਨਗਰ ਸੁਧਾਰ ਟਰਸਟ ਦੇ ਚੇਅਰਮੈਨ ਯਸ਼ਪਾਲ ਚੌਹਾਨ ਨੇ ਵੀ ਅੱਗ ਬੁਝਾਉਣ ਲਈ ਭਾਰੀ ਜੱਦੋ-ਜਹਿਦ ਕੀਤੀ | ਰਾਘਵ ਮਹਾਜਨ ਨੇ ਦੱਸਿਆ ਕਿ ਗੋਦਾਮ ਅੰਦਰ ਵੱਡੀ ਗਿਣਤੀ 'ਚ ਗੱਤਾ ਪਿਆ ਸੀ, ਜਿਸ ਨੂੰ ਅਚਾਨਕ ਅੱਗ ਲੱਗ ਗਈ, ਜਿਸ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ, ਜਿਨ੍ਹਾਂ ਫਾਇਰ ਕਰਮਚਾਰੀਆਂ ਨੇ ਅੱਗ ਬੁਝਾਊਣ ਵਿਚ ਯੋਗਦਾਨ ਪਾਇਆ ਉਨ੍ਹਾਂ 'ਚ ਡਰਾਈਵਰ ਜਸਬੀਰ ਸਿੰਘ, ਵਿਜੇ ਕੁਮਾਰ, ਪਰਗਟ ਸਿੰਘ, ਜੋਬਨ, ਪੰਕਜ, ਸਚਿਨ ਮਹਾਜਨ, ਦੀਪਕ ਕੁਮਾਰ, ਸੁਖਜਿੰਦਰ ਸਿੰਘ, ਗੁਰਪ੍ਰੀਤ ਸਿੰਘ, ਅਜੇ ਓਬਰਾਏ, ਦਵਿੰਦਰ ਕੁਮਾਰ, ਰਵਿੰਦਰ ਕੁਮਾਰ ਆਦਿ ਹਾਜ਼ਰ ਸਨ |