ਫ਼ਤਹਿਗੜ੍ਹ ਸਾਹਿਬ, 4 ਦਸੰਬਰ (ਬਲਜਿੰਦਰ ਸਿੰਘ)- ਵਿਸ਼ਵ ਏਡਜ਼ ਦਿਵਸ ਦੇ ਸੰਦਰਭ ਵਿਚ ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਦੇ ਐਨ.ਐਸ.ਐਸ. ਵਿਭਾਗ ਵਲੋਂ ਕਾਲਜ ਪਿ੍ੰਸੀਪਲ ਡਾ. ਵਨੀਤਾ ਗਰਗ ਦੀ ਅਗਵਾਈ 'ਚ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ | ਇਸ ਮੁਕਾਬਲੇ ਦਾ ਉਦੇਸ਼ ਵਿਦਿਆਰਥੀਆਂ ਵਿਚ ਏਡਜ਼ ਬਾਰੇ ਜਾਗਰੂਕਤਾ ਫੈਲਾਉਣਾ ਤੇ ਸਮਾਜ ਨੂੰ ਸੁਰੱਖਿਅਤ ਤੇ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕਰਨਾ ਸੀ | ਮੁਕਾਬਲੇ ਵਿਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ ਤੇ ਆਪਣੇ ਰਚਨਾਤਮਿਕ ਪੋਸਟਰਾਂ ਰਾਹੀਂ 'ਏਡਜ਼ ਤੋਂ ਬਚਾਅ', ਸੇਫ਼ਟੀ ਫ਼ਸਟ, ਸਿਹਤ ਹੀ ਧਨ ਹੈ ਤੇ 'ਜਾਗਰੂਕਤਾ ਹੀ ਰੱਖਿਆ' ਵਰਗੇ ਸੰਦੇਸ਼ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਦਰਸਾਏ | ਇਸ ਮੌਕੇ ਕਾਲਜ ਪਿ੍ੰਸੀਪਲ ਡਾ. ਵਨੀਤਾ ਗਰਗ ਨੇ ਕਿਹਾ ਕਿ ਅੱਜ ਦੇ ਨੌਜਵਾਨਾਂ ਲਈ ਏਡਜ਼ ਬਾਰੇ ਸਹੀ ਜਾਣਕਾਰੀ ਰੱਖਣਾ ਬਹੁਤ ਜ਼ਰੂਰੀ ਹੈ | ਉਨ੍ਹਾਂ ਵਿਦਿਆਰਥੀਆਂ ਨੂੰ ਬੇਨਤੀ ਕੀਤੀ ਕਿ ਉਹ ਇਹ ਜਾਣਕਾਰੀ ਆਪਣੇ ਪਰਿਵਾਰ ਤੇ ਸਮਾਜ ਵਿਚ ਵੀ ਸਾਂਝੀ ਕਰਨ ਤਾਂ ਜੋ ਏਡਜ਼ ਨਾਲ ਜੁੜੀਆਂ ਗ਼ਲਤ ਧਾਰਨਾਵਾਂ ਤੇ ਭਰਮਾਂ ਨੂੰ ਦੂਰ ਕੀਤਾ ਜਾ ਸਕੇ | ਜੱਜ ਦੀ ਭੂਮਿਕਾ ਡਾ. ਵਿਭਾ ਵਲੋਂ ਨਿਭਾਈ ਗਈ | ਇਸ ਮੁਕਾਬਲੇ ਵਿਚ ਜਸਮੀਤ ਕੌਰ, ਜਸ਼ਨਪ੍ਰੀਤ ਕੌਰ ਤੇ ਹਰਮਨਜੋਤ ਕੌਰ ਤੇ ਗੁਰਲੀਨ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ | ਜੇਤੂ ਵਿਦਿਆਰਥਣਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਐਨ. ਐਸ. ਐਸ. ਕੋਆਰਡੀਨੇਟਰ ਡਾ. ਰਣਦੀਪ ਕੌਰ, ਕੋ-ਕੋਆਰਡੀਨੇਟਰ ਡਾ. ਮਾਲਵਿਕਾ ਖੁਰਾਣਾ ਅਤੇ ਪ੍ਰੋ. ਅਮਰੀਕ ਸਿੰਘ ਵੀ ਹਾਜ਼ਰ ਸਨ |