ਅਮਲੋਹ, 21 ਅਕਤੂਬਰ (ਕੇਵਲ ਸਿੰਘ)-ਡਾ. ਅੰਬੇਡਕਰ ਜਾਗਿ੍ਤੀ ਵੈੱਲਫੇਅਰ ਸੁਸਾਇਟੀ ਅਮਲੋਹ ਵਲੋਂ ਦੀਵਾਲੀ ਅਤੇ ਬੰਦੀ ਛੋੜ ਦਿਵਸ ਮੌਕੇ 'ਤੇ ਡਾ. ਬੀ.ਆਰ. ਅੰਬੇਡਕਰ ਪਾਰਕ ਵਿਖੇ ਕਰਵਾਏ ਸਮਾਗਮ ਦੌਰਾਨ ਸਿੱਖਿਆ ਦੇ ਖੇਤਰ ਵਿਚ ਅਹਿਮ ਸਥਾਨ ਹਾਸਲ ਕਰਨ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਅਤੇ ਸਟੇਸ਼ਨਰੀ ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪ੍ਰਧਾਨ ਹਰਵਿੰਦਰ ਸਿੰਘ ਵਾਲੀਆ ਨੇ ਆਏ ਬੱਚਿਆਂ ਤੇ ਮਾਪਿਆਂ ਦਾ ਸਵਾਗਤ ਕੀਤਾ | ਸਮਾਗਮ ਵਿਚ ਮੁੱਖ ਮਹਿਮਾਨ ਮਾ. ਬੇਅੰਤ ਸਿੰਘ ਭਾਂਬਰੀ ਸਟੇਟ ਐਵਾਰਡੀ ਵਲੋਂ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਜਿੱਥੇ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀ ਵਧਾਈ ਦਿੱਤੀ ਗਈ, ਉੱਥੇ ਹੀ ਪੜ੍ਹਾਈ ਦੀ ਜੀਵਨ ਵਿਚ ਮਹੱਤਤਾ ਬਾਰੇ ਚਾਨਣਾ ਪਾਇਆ | ਇਸ ਮੌਕੇ ਗੁਰ ਰਾਜਵੀਰ ਸਿੰਘ, ਸ਼ਹਿਨਾਜ ਖਾਨ, ਸਹਿਜਪ੍ਰੀਤ ਕੌਰ, ਅਰਲੀਨ ਕੌਰ, ਗੁਰਵੀਰ ਸਿੰਘ, ਏਕਮਜੀਤ ਕੌਰ ਆਦਿ ਬੱਚਿਆਂ ਨੂੰ ਸਨਮਾਨਿਤ ਕੀਤਾ | ਇਸ ਮੌਕੇ ਵਾਈਸ ਪ੍ਰਧਾਨ ਜਗਤਾਰ ਸਿੰਘ, ਮਾਸਟਰ ਮੇਹਰ ਸਿੰਘ, ਫਤਹਿ ਸਿੰਘ ਕੌਲਗੜ੍ਹ, ਮਾ. ਜਰਨੈਲ ਸਿੰਘ ਸਹੋਤਾ, ਪਰਮਜੀਤ ਸਿੰਘ, ਗੁਰਪਾਲ ਸਿੰਘ, ਗੁਰਦੀਪ ਸਿੰਘ, ਅਮਰੀਕ ਸਿੰਘ, ਗੁਰਜੀਤ ਸਿੰਘ, ਕੈਂਪਸ ਮੈਨੇਜਰ ਸਤਿਗੁਰ ਸਿੰਘ, ਗੁਰਪ੍ਰੀਤ ਗੁਰੀ, ਗਿਆਨੀ ਸੁੱਖਵਿੰਦਰ ਸਿੰਘ, ਮੁਕੰਦ ਖਾਨ ਆਦਿ ਮੌਜੂਦ ਸਨ |