13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਜ਼ਿਲ੍ਹੇ 'ਚ ਬੰਦੀ ਛੋੜ ਦਿਵਸ ਅਤੇ ਦੀਵਾਲੀ ਦਾ ਤਿਉਹਾਰ ਮਨਾਇਆ

ਅਜੀਤ ਡੈਸਕ 22-10-2025
ਫ਼ਤਹਿਗੜ੍ਹ ਸਾਹਿਬ, 21 ਅਕਤੂਬਰ (ਬਲਜਿੰਦਰ ਸਿੰਘ)-ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਵੱਖ-ਵੱਖ ਸ਼ਹਿਰਾਂ ਵਿਚ ਬੰਦੀ ਛੋੜ ਦਿਵਸ ਅਤੇ ਦੀਵਾਲੀ ਦਾ ਤਿਉਹਾਰ 20 ਅਤੇ 21 ਅਕਤੂਬਰ ਨੂੰ ਮਨਾਇਆ ਗਿਆ | ਜਿਸ ਦੌਰਾਨ ਵੱਖ-ਵੱਖ ਧਰਮਾਂ ਦੇ ਲੋਕਾਂ ਨੇ ਮੰਦਿਰਾਂ ਅਤੇ ਗੁਰੂ ਘਰਾਂ ਵਿਚ ਘਿਉ ਦੇ ਦੀਵੇ ਬਾਲ ਕੇ ਆਪਣੇ ਪਰਿਵਾਰਾਂ ਦੀ ਸੁੱਖ ਸ਼ਾਂਤੀ ਲਈ ਅਰਦਾਸ ਕੀਤੀ | ਇਸੇ ਦੌਰਾਨ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਅਤੇ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਵਿਖੇ ਵੀ ਵੱਡੀ ਗਿਣਤੀ ਵਿਚ ਸੰਗਤਾਂ ਨਤਮਸਤਕ ਹੋਈਆਂ ਅਤੇ ਗੁਰੂ ਘਰਾਂ ਵਿਚ ਅੰਮਿ੍ਤ ਵੇਲੇ ਤੋਂ ਲੈ ਕੇ ਦੇਰ ਸ਼ਾਮ ਤੱਕ ਗੁਰਬਾਣੀ ਦੇ ਰਸਭਿੰਨੇ ਸ਼ਬਦ ਕੀਰਤਨ ਦੀ ਵਰਖਾ ਹੁੰਦੀ ਰਹੀ | ਸ਼ਾਮ ਵੇਲੇ ਲੋਕਾਂ ਨੇ ਆਤਿਸ਼ਬਾਜ਼ੀ ਚਲਾ ਕੇ ਬੰਦੀ ਛੋੜ ਦਿਵਸ ਅਤੇ ਦੀਵਾਲੀ ਦੇ ਤਿਉਹਾਰ ਦੀਆਂ ਖ਼ੁਸ਼ੀਆਂ ਸਾਂਝੀਆਂ ਕੀਤੀਆਂ ਅਤੇ ਇਕ ਦੂਸਰੇ ਨੂੰ ਤੋਹਫੇ ਵੰਡੇ | ਓਧਰ ਦੂਜੇ ਪਾਸੇ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਪ੍ਰਸ਼ਾਸਨ ਵਲੋਂ ਬਾਜ਼ਾਰਾਂ ਤੇ ਮੁਹੱਲਿਆਂ ਵਿਚ ਬਿਨ੍ਹਾਂ ਲਾਇਸੈਂਸ ਤੋਂ ਆਤਿਸ਼ਬਾਜ਼ੀ ਬੰਬ ਪਟਾਕੇ ਵੇਚਣ 'ਤੇ ਲਗਾਈ ਪਾਬੰਦੀ ਦੇ ਬਾਵਜੂਦ ਹਮਾਯੂੰਪੁਰ, ਸਰਹਿੰਦ ਮੰਡੀ, ਸਰਹਿੰਦ ਸ਼ਹਿਰ ਅਤੇ ਫ਼ਤਹਿਗੜ੍ਹ ਸਾਹਿਬ ਦੇ ਬਾਜ਼ਾਰਾਂ ਵਿਚ ਸ਼ਰੇਆਮ ਸੜਕਾਂ ਕਿਨਾਰੇ ਬੰਬ ਪਟਾਕਿਆਂ ਦੀਆਂ ਸਟਾਲਾਂ ਲੱਗੀਆਂ ਹੋਈਆਂ ਸਨ | ਦੱਸਣਯੋਗ ਹੈ ਕਿ ਜ਼ਿਲ੍ਹਾ ਮੈਜਿਸਟਰੇਟ ਵਲੋਂ ਜਿੱਥੇ ਜ਼ਿਲੇ੍ਹ ਵਿਚ ਗਰੀਨ ਪਟਾਕੇ ਵੇਚਣ ਤੋਂ ਇਲਾਵਾ ਖ਼ਤਰਨਾਕ ਤੇ ਕੈਮੀਕਲ ਪਟਾਕੇ ਵੇਚਣ, ਖ਼ਰੀਦਣ, ਸਟੋਰ ਕਰਨ ਤੇ ਵਰਤੋਂ ਕਰਨ 'ਤੇ ਪਾਬੰਦੀ ਲਗਾਈ ਗਈ ਸੀ, ਉੱਥੇ ਹੀ ਪਟਾਕੇ ਵੇਚਣ ਵਾਸਤੇ ਜ਼ਿਲੇ੍ਹ ਵਿਚ ਵੱਖ-ਵੱਖ ਸਥਾਨ ਵੀ ਨਿਸ਼ਚਿਤ ਕੀਤੇ ਗਏ ਸਨ, ਪਰ ਇਸ ਸਭ ਦੇ ਬਾਵਜੂਦ ਦੁਕਾਨਦਾਰਾਂ ਵਲੋਂ ਡਿਪਟੀ ਕਮਿਸ਼ਨਰ ਦੇ ਹੁਕਮਾਂ ਦੀ ਪ੍ਰਵਾਹ ਨਾ ਕਰਦੇ ਹੋਏ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਅਤੇ ਰੋਡਾਂ 'ਤੇ ਪਟਾਕਿਆਂ ਦੀਆਂ ਦੁਕਾਨਾਂ ਲਗਾ ਕੇ ਸ਼ਰੇਆਮ ਡਿਪਟੀ ਕਮਿਸ਼ਨਰ ਦੇ ਹੁਕਮਾਂ ਦੀਆਂ ਧੱਜੀਆਂ ਉਡਾਈਆਂ ਗਈਆਂ | ਇਸ ਮੌਕੇ ਪਟਾਕਿਆਂ ਦੀ ਖ਼ਰੀਦਦਾਰੀ ਕਰਨ ਵਾਲੇ ਆਮ ਲੋਕਾਂ ਨੇ ਕਿਹਾ ਕਿ ਜਦੋਂ ਤੱਕ ਸਰਕਾਰਾਂ ਜਾਂ ਪ੍ਰਸ਼ਾਸਨ ਵਲੋਂ ਜਾਰੀ ਹੁਕਮਾਂ ਦੀ ਪਾਲਨਾ ਕਰਵਾਉਣ ਲਈ ਕਿਸੇ ਅਧਿਕਾਰੀ ਦੀ ਜਵਾਬਦੇਹੀ ਨਿਸ਼ਚਿਤ ਨਹੀਂ ਕੀਤੀ ਜਾਂਦੀ ਉਦੋਂ ਤੱਕ ਕੋਈ ਵੀ ਨਾਗਰਿਕ ਜਾ ਦੁਕਾਨਦਾਰ ਹੁਕਮਾਂ ਦੀ ਪ੍ਰਵਾਹ ਨਹੀਂ ਕਰਦਾ | ਉਹ ਹੁਕਮ ਕੇਵਲ ਅਖ਼ਬਾਰਾਂ ਵਿਚ ਬਿਆਨਬਾਜ਼ੀ ਤੱਕ ਹੀ ਸੀਮਤ ਰਹਿ ਜਾਂਦੇ ਹਨ | ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਵਲੋਂ ਪਟਾਕੇ ਤੇ ਆਤਿਸ਼ਬਾਜ਼ੀ ਚਲਾਉਣ ਲਈ ਸਮਾਂ ਨਿਸ਼ਚਿਤ ਕੀਤਾ ਗਿਆ ਹੈ, ਪਰ ਸਾਰੀ ਰਾਤ ਠਾ ਠਾ ਹੁੰਦੀ ਰਹੇਗੀ ਤਾਂ ਕੀ ਕਿਸੇ ਵਿਅਕਤੀ 'ਤੇ ਹੁਕਮਾਂ ਦੀ ਉਲੰਘਣਾ ਦਾ ਮੁਕੱਦਮਾ ਦਰਜ਼ ਹੋ ਸਕੇਗਾ? ਲੋਕਾਂ ਨੇ ਕਿਹਾ ਕਿ ਬੰਦੀ ਛੋੜ ਦਿਵਸ ਅਤੇ ਦੀਵਾਲੀ ਦੇ ਤਿਉਹਾਰ ਨੂੰ ਲੈ ਕੇ ਹਰ ਸਾਲ ਪੈਦਾ ਹੁੰਦੇ ਭੰਬਲਭੂਸੇ ਕਾਰਨ ਲੋਕਾਂ ਨੂੰ ਸਮਝ ਨਹੀਂ ਆਉਂਦਾ ਕਿ ਉਹ ਕਿਹੜੇ ਦਿਨ ਤਿਉਹਾਰ ਮਨਾਉਣ? ਕਿਉਂਕਿ ਸਰਕਾਰੀ ਪੱਧਰ 'ਤੇ 20 ਅਕਤੂਬਰ ਨੂੰ ਦੀਵਾਲੀ ਦੀ ਛੁੱਟੀ ਕੀਤੀ ਗਈ ਸੀ ਜਿਸ ਕਰਕੇ ਪ੍ਰਸ਼ਾਸਨ ਵਲੋਂ 20 ਅਕਤੂਬਰ ਤੱਕ ਹੀ ਪਟਾਕੇ ਵੇਚਣ ਲਈ ਲਾਇਸੈਂਸ ਜਾਰੀ ਕੀਤੇ ਗਏ ਸਨ ਪਰ ਜ਼ਿਆਦਾਤਰ ਲੋਕ 21 ਅਕਤੂਬਰ ਨੂੰ ਦੀਵਾਲੀ ਮਨਾ ਰਹੇ ਹਨ, ਇਸ ਲਈ ਪਟਾਕਿਆਂ ਦੀ ਖ਼ਰੀਦਦਾਰੀ ਤਾਂ ਹੋਣੀ ਸੀ |
ਪਿਛਲੀ ਖ਼ਬਰ ਮਾਤਾ ਗੁਜਰੀ ਕਾਲਜ ਦੀਆਂ ਵਿਦਿਆਰਥਣਾਂ ਨੇ ਅੰਤਰ-ਕਾਲਜ ਬੈਡਮਿੰਟਨ ਟੂਰਨਾਮੈਂਟ 'ਚ ਕੀਤਾ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਕੰਧ ਨਾਲ ਟਰੱਕ ਟਕਰਾਉਣ ਕਾਰਨ ਦੋ ਮਜ਼ਦੂਰ ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।