ਮੰਡੀ ਗੋਬਿੰਦਗੜ੍ਹ, 21 ਅਕਤੂਬਰ (ਰਾਜੇਸ਼ ਸ਼ਰਮਾ)-ਸਥਾਨਕ ਸਰਹਿੰਦ ਸਾਈਡ ਨਿਊ ਵਜ਼ੀਰਾਬਾਦ ਰੋਡ 'ਤੇ ਸਥਿਤ ਵਿਧਾਤਾ ਸਟਰਕਚਰਜ਼ ਪ੍ਰਾਈਵੇਟ ਲਿਮਟਿਡ ਵਿਖੇ ਅਚਾਨਕ ਹੋਏ ਇਕ ਹਾਦਸੇ ਵਿਚ ਕੰਪਨੀ ਦੀ ਦੀਵਾਰ ਡਿੱਗਣ ਕਾਰਨ ਦੋ ਮਜ਼ਦੂਰ ਜ਼ਖਮੀ ਹੋ ਗਏ | ਜਾਣਕਾਰੀ ਦਿੰਦਿਆਂ ਕੰਪਨੀ ਦੇ ਵਰਕਸ ਮੈਨੇਜਰ ਰਾਣਾ ਨੇ ਦੱਸਿਆ ਕਿ ਵਿਧਾਤਾ ਸਟਰਕਚਰਜ਼ ਪ੍ਰਾਈਵੇਟ ਲਿਮਟਿਡ ਵਿਖੇ ਇਕ ਟਰੱਕ ਅਚਾਨਕ ਕੰਟਰੋਲ ਗੁਆ ਬੈਠਾ ਅਤੇ ਕੰਧ ਨਾਲ ਟਕਰਾ ਗਿਆ, ਜਿਸ ਕਾਰਨ ਲਗਭਗ 100 ਫੁੱਟ ਲੰਬੀ ਕੰਧ ਢਹਿ ਗਈ ਅਤੇ ਇਸ ਹਾਦਸੇ ਦੀ ਚਪੇਟ ਵਿਚ ਆਉਣ ਨਾਲ ਦੋ ਪ੍ਰਵਾਸੀ ਮਜ਼ਦੂਰ ਜ਼ਖਮੀ ਹੋ ਗਏ | ਜਿਨ੍ਹਾਂ ਨੂੰ ਇਲਾਜ ਲਈ ਸਰਕਾਰੀ ਸਬ-ਡਿਵੀਜ਼ਨ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ |