ਬਲਾਚੌਰ, 8 ਦਸੰਬਰ (ਨਰੇਸ਼ ਧੌਲ) - ਪੰਜਾਬ ਵਿੱਚ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਹੋਣ ਤੋਂ ਬਾਅਦ ਲੋਕਾਂ ਵਿੱਚ ਇਨ੍ਹਾਂ ਚੋਣਾਂ ਨੂੰ ਲੈ ਕੇ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ | ਜਿਸ ਦੇ ਮੱਦੇਨਜਰ ਬਲਾਕ ਬਲਾਚੌਰ ਦੇ ਵੱਖ-ਵੱਖ ਜੋਨਾਂ ਤੋਂ ਉਮੀਦਵਾਰਾਂ ਨੇ ਆਪਣੀਆਂ ਨਾਮਜਦਗੀਆਂ ਭਰ ਦਿੱਤੀਆਂ ਹਨ | ਹੁਣ ਤਸਵੀਰ ਸਾਫ ਹੋ ਚੁੱਕੀ ਹੈ ਕਿ ਕਿਹੜੇ ਜੋਨ 'ਚ ਕਿੰਨੇ ਉਮੀਦਵਾਰ ਕਿਹੜੀ ਪਾਰਟੀ ਦੇ ਖੜ੍ਹੇ ਹਨ | ਇਸੇ ਤਹਿਤ ਬਲਾਕ ਬਲਾਚੌਰ ਭੱਦੀ ਜੋਨ 17 ਤੋਂ ਆਮ ਆਦਮੀ ਪਾਰਟੀ ਦੇ ਇਸਤਰੀ ਰਿਜ਼ਰਵ ਵਿੱਚ ਬੀਬੀ ਚੀਨੂੰ ਰਾਣੀ ਪਤਨੀ ਮਨਪ੍ਰੀਤ ਕੁਮਾਰ ਮੰਨੂ ਪਿੰਡ ਬੂੰਗੜੀ ਬਿਨਾ ਮੁਕਾਬਲਾ ਪੰਚਾਇਤ ਸੰਮਤੀ ਮੈਂਬਰ ਚੁਣੀ ਗਈ ਜਦਕਿ ਪਹਿਲਾਂ ਦੋ ਨਾਮਜ਼ਦਗੀਆਂ ਭਰੀਆਂ ਗਈਆਂ ਸਨ ਜਿਨ੍ਹਾਂ ਵਿੱਚ ਰੀਨਾ ਦੇਵੀ ਪਤਨੀ ਪਰਸ਼ੋਤਮ ਲਾਲ ਵੱਲੋਂ ਕਾਗਜ਼ ਭਰੇ ਗਏ ਸਨ ਪਰ ਹਲਕਾ ਵਿਧਾਇਕਾ ਬੀਬੀ ਸੰਤੋਸ਼ ਕਟਾਰੀਆ ਦੀ ਰਹਿਨੁਮਾਈ ਹੇਠ ਰੀਨਾ ਦੇਵੀ ਵੱਲੋਂ ਆਪਣੇ ਕਾਗਜ਼ ਚੀਨੂੰ ਰਾਣੀ ਦੇ ਹੱਕ ਵਿੱਚ ਵਾਪਸ ਲੈ ਲਏ ਗਏ ਜਿਸ ਤਹਿਤ ਚੀਨੂੰ ਰਾਣੀ ਆਮ ਆਦਮੀ ਪਾਰਟੀ ਤੋਂ ਬਲਾਕ ਸੰਮਤੀ ਦੀ ਪਹਿਲੀ ਜਿੱਤ ਦਰਜ ਕਰਵਾਈ ਗਈ ਹੈ | ਇਸ ਦੌਰਾਨ ਹਲਕਾ ਵਿਧਾਇਕ ਸੰਤੋਸ਼ ਕਟਾਰੀਆ ਨੇ ਚੀਨੂੰ ਰਾਣੀ ਨੂੰ ਜਿਥੇ ਵਧਾਈ ਦਿੱਤੀ ਉਥੇ ਹੀ ਕਿਹਾ ਕਿ ਚੌਹਾਨ ਪਰਿਵਾਰ ਪਿਛਲੇ 40 - 50 ਸਾਲ ਤੋਂ ਕਟਾਰੀਆ ਪਰਿਵਾਰ ਨਾਲ ਜੁੜਿਆ ਹੋਇਆ ਹੈ ਇਸ ਪਰਿਵਾਰ ਵਿਚੋਂ ਚੀਨੂੰ ਰਾਣੀ ਨੂੰ ਇਸ ਅਹੁਦੇ ਲਈ ਚੁਣੇ ਜਾਣ ਤੇ ਸਾਡੇ ਸਬੰਧ ਹੋਰ ਮਜ਼ਬੂਤ ਹੋਣਗੇ | ਪਿ੍ੰਸੀਪਲ ਹਰਬੰਸ ਲਾਲ ਕਟਾਰੀਆ ਨੇ ਵਿਧਾਇਕਾ ਕਟਾਰੀਆ ਤੇ ਬਾਬਾ ਕਮਲਜੀਤ ਮਝੋਟ ਦਾ ਇਸ ਚੋਣ ਲਈ ਧੰਨਵਾਦ ਕੀਤਾ ਤੇ ਅੱਗੋਂ ਤੋਂ ਵੀ ਪਾਰਟੀ ਦੀ ਸੇਵਾ ਕਰਨ ਦਾ ਭਰੋਸਾ ਦਿੱਤਾ | ਇਸ ਮੌਕੇ ਚੌਧਰੀ ਅਸ਼ੋਕ ਕਟਾਰੀਆ, ਕਰਨਵੀਰ ਕਟਾਰੀਆ, ਬਲਾਕ ਸੰਮਤੀ ਮੈਂਬਰ ਚੀਨੂੰ ਰਾਣੀ, ਬਾਬਾ ਕਮਲਜੀਤ ਮਝੋਟ, ਪਿ੍ੰਸੀਪਲ ਹਰਬੰਸ ਲਾਲ ਕਟਾਰੀਆ, ਕਾਲਾ ਡਾਕਟਰ, ਪ੍ਰਸ਼ੋਤਮ ਲਾਲ, ਰੀਨਾ ਦੇਵੀ, ਚੋਧਰੀ ਬਾਲੂ ਰਾਮ ਚੋਹਾਨ ਤੋਂ ਇਲਾਵਾ ਪਾਰਟੀ ਵਰਕਰ ਹਾਜ਼ਰ ਸਨ |