ਔੜ/ਝਿੰਗੜਾਂ, 8 ਦਸੰਬਰ (ਕੁਲਦੀਪ ਸਿੰਘ ਝਿੰਗੜ) - ਲਗਾਤਾਰ ਚੋਰੀਆਂ ਨੇ ਇਲਾਕੇ ਅੰਦਰ ਹਾਹਾਕਾਰ ਮਚਾ ਕੇ ਰੱਖੀ ਹੋਈ ਹੈ, ਅਤੇ ਆਏ ਦਿਨ ਹੋ ਰਹੀਆਂ ਚੋਰੀਆਂ ਕਾਰਨ ਲੋਕਾਂ 'ਚ ਦਹਿਸ਼ਤ ਭਰਿਆ ਮਾਹੌਲ ਪੈਦਾ ਹੋ ਚੁੱਕਾ ਹੈ ਕਿਉਂਕਿ ਕੋਈ ਦਿਨ ਵੀ ਐਸਾ ਨਹੀਂ ਜਾਂਦਾ ਜਦੋਂ ਇਲਾਕੇ ਵਿੱਚ ਚੋਰੀ ਨਾ ਹੋਈ ਹੋਵੇ | ਇਸੇ ਲੜੀ ਤਹਿਤ ਬੀਤੀ ਰਾਤ ਪਿੰਡ ਝਿੰਗੜਾਂ ਤੋਂ ਸੋਨੇ ਦੇ ਗਹਿਣੇ ਚੋਰੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਪਰਮਜੀਤ ਕੌਰ ਪਤਨੀ ਸਵਰਗੀ ਮਲਕੀਤ ਸਿੰਘ ਵਾਸੀ ਝਿੰਗੜਾਂ ਨੇ ਦੱਸਿਆ ਕਿ ਉਹ ਕਈ ਦਿਨਾਂ ਤੋਂ ਜਲੰਧਰ ਵਿਖੇ ਆਪਣੀ ਨਣਾਨ ਨੂੰ ਮਿਲਣ ਪਰਿਵਾਰ ਸਮੇਤ ਗਏ ਹੋਏ ਸਨ, ਜਦੋਂ ਬੀਤੀ ਰਾਤ ਉਨ੍ਹਾਂ ਨੇ ਆਪਣੇ ਘਰ ਆਕੇ ਦੇਖਿਆ ਤਾਂ ਘਰ ਦੇ ਮੇਨ ਗੇਟ ਦਾ ਜਿੰਦਰਾ ਲੱਗਾ ਹੋਇਆ ਸੀ ਅਤੇ ਅੰਦਰਲੀ ਗਰਿੱਲ, ਅਲਮਾਰੀਆਂ ਅਤੇ ਪੇਟੀਆਂ ਦੇ ਤਾਲੇ ਤੋੜਕੇ ਚੋਰਾਂ ਵਲੋਂ ਪੇਟੀਆਂ ਵਿੱਚ ਰੱਖੇ ਹੋਏ 15 ਤੋਲੇ ਸੋਨੇ ਦੇ ਗਹਿਣੇ ਚੋਰੀ ਕੀਤੇ ਹੋਏ ਸਨ ਜਿਨ੍ਹਾਂ ਵਿੱਚ ਸੋਨੇ ਦੇ 2 ਸੈੱਟ, ਕੜਾ, ਮੁੰਦਰੀਆਂ, ਵਾਲੀਆਂ ਆਦਿ ਸ਼ਾਮਲ ਸਨ | ਜਦਕਿ ਚੋਰਾਂ ਵਲੋਂ ਅਲਮਾਰੀ ਵਿੱਚੋਂ ਲੈਪਟਾਪ ਕੱਢ ਕੇ ਬੈੱਡ 'ਤੇ ਬਾਹਰ ਰੱਖ ਗਏ | ਇਸ ਘਟਨਾ ਸਬੰਧੀ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਥਾਣਾ ਮੁਕੰਦਪੁਰ ਨੂੰ ਸੂਚਿਤ ਕੀਤਾ ਗਿਆ | ਇਸ ਮੌਕੇ 'ਤੇ ਪੁੱਜੇ ਮੁਕੰਦਪੁਰ ਦੇ ਪੁਲਿਸ ਅਧਿਕਾਰੀਆਂ ਨੇ ਮੌਕਾ ਦੇਖ ਕੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ |
ਝਿੰਗੜਾਂ ਵਿਖੇ ਚੋਰਾਂ ਵਲੋਂ ਘਰ 'ਚੋਂ 15 ਤੋਲੇ ਸੋਨਾ ਚੋਰੀ <br/>
ਅਜੀਤ ਡੈਸਕ
09-12-2025