11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਔੜ ਬਲਾਕ ਨੂੰ ਤੋੜਣ ਵਿਰੁੱਧ ਉੜਾਪੜ ਵਿਖੇ ਜਨਤਕ ਜਥੇਬੰਦੀਆਂ ਦਾ ਭਾਰੀ ਇਕੱਠ

ਅਜੀਤ ਡੈਸਕ 05-12-2025
ਉੜਾਪੜ/ਲਸਾੜਾ, 4 ਦਸੰਬਰ (ਲਖਵੀਰ ਸਿੰਘ ਖੁਰਦ) - ਪਿੰਡ ਉੜਾਪੜ ਵਿਖੇ ਔੜ ਬਲਾਕ ਨੂੰ ਤੋੜਣ ਵਿਰੁੱਧ ਸੀ.ਪੀ.ਆਈ (ਐਮ.ਐਲ) ਨਿਊਡੈਮੋਕਰੇਸੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਲੋਂ ਕਿਰਤੀ ਕਿਸਾਨ ਯੂਨੀਅਨ ਅਤੇ ਪੇਂਡੂ ਮਜ਼ਦੂਰ ਯੂਨੀਅਨ ਦੇ ਸਹਿਯੋਗ ਨਾਲ ਭਰਵੀਂ ਰਾਜਨੀਤਿਕ ਕਾਨਫਰੰਸ ਕੀਤੀ ਗਈ | ਜਿਸ ਵਿੱਚ ਔੜ ਬਲਾਕ ਦੇ ਪਿੰਡਾਂ ਤੋਂ ਵੱਡੀ ਗਿਣਤੀ ਵਿੱਚ ਕਿਸਾਨ, ਮਜ਼ਦੂਰ, ਔਰਤਾਂ, ਲੋਕਪੱਖੀ ਸ਼ਖਸ਼ੀਅਤਾਂ ਨੇ ਸ਼ਮੂਲੀਅਤ ਕੀਤੀ | ਇਸ ਕਾਨਫਰੰਸ ਵਿੱਚ ਬਲਾਕ ਬਚਾਓ ਸ਼ੰਘਰਸ਼ ਕਮੇਟੀ ਦੇ ਮੈਂਬਰ ਵੀ ਵਿਸ਼ੇਸ਼ ਤੌਰ 'ਤੇ ਪਹੁੰਚੇ | ਇਸ ਮੌਕੇ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦਿਆਂ ਸੀ.ਪੀ.ਆਈ (ਐਮ. ਐਲ) ਦੇ ਆਗੂ ਐਡਵੋਕੇਟ ਦਲਜੀਤ ਸਿੰਘ, ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਬੈਂਸ, ਸੂਬਾ ਕਮੇਟੀ ਮੈਂਬਰ ਭੁਪਿੰਦਰ ਸਿੰਘ ਵੜੈਚ, ਬਲਾਕ ਬਚਾਉ ਕਮੇਟੀ ਦੇ ਮੈਂਬਰ ਰਾਜ ਕੁਮਾਰ ਮਾਹਲ ਖੁਰਦ, ਬੂਟਾ ਸਿੰਘ ਮਹਿਮੂਦਪੁਰ, ਪੇਂਡੂ ਮਜਦੂਰ ਯੂਨੀਅਨ ਦੇ ਆਗੂ ਹਰੀ ਰਾਮ ਰਸੂਲਪੁਰੀ, ਰਾਮ ਜੀ ਦਾਸ ਖੜਕੂਵਾਲ, ਕਾਂਗਰਸੀ ਆਗੂ ਸੁਖਵਿੰਦਰ ਸਿੰਘ ਧਾਵਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਲੋਕਾਂ ਦੀ ਸਹੂਲਤ ਲਈ ਬਣਾਏ ਅਦਾਰੇ ਨੂੰ ਲੋਕਾਂ ਨਾਲ ਸਲਾਹ ਮਸ਼ਵਰਾ ਕੀਤੇ ਬਿਨਾਂ ਤੋੜ ਦੇਣਾ ਤਾਨਾਸ਼ਾਹ ਹਕੂਮਤੀ ਨੀਤੀ ਹੈ | ਪਿੰਡਾਂ ਦੀਆਂ 74 ਪੰਚਾਇਤਾਂ ਵਲੋਂ ਮਤੇ ਪਾ ਕੇ ਅਤੇ ਰਾਜਨੀਤਿਕ ਪਾਰਟੀਆਂ, ਕਿਸਾਨ ਮਜਦੂਰ ਜਥੇਬੰਦੀਆਂ ਵਲੋਂ ਸਮੂਹ ਲੋਕਾਂ ਨੂੰ ਲੈ ਕੇ ਪ੍ਰਗਟਾਏ ਜਨਤਕ ਰੋਸ ਨੂੰ ਟਿੱਚ ਸਮਝਕੇ ਹੁਣ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸਦ ਦੀਆਂ ਚੋਣਾਂ ਥੌਪ ਦਿੱਤੀਆਂ ਹਨ | ਇਕੱਠ ਨੇ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਸਮੂਹ ਪਿੰਡਾਂ ਦੇ ਲੋਕਾਂ ਨੂੰ ਔੜ ਬਲਾਕ ਦੀਆਂ ਚੋਣਾਂ ਦਾ ਬਾਈਕਾਟ ਕਰਨ ਅਤੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਗ੍ਰਾਮ ਸਭਾਵਾਂ ਦੇ ਵਿਸ਼ੇਸ਼ ਇਜਲਾਸ ਕਰਕੇ ਬਲਾਕ ਨੂੰ ਖਤਮ ਕਰਨ ਵਿਰੁੱਧ ਵਿਸ਼ੇਸ਼ ਮਤੇ ਪਾਉਣ ਦਾ ਸੱਦਾ ਦਿੱਤਾ ਗਿਆ | ਨਾਲ ਹੀ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਨੂੰ ਬਲਾਕ ਦੇ ਪਿੰਡਾਂ ਦੇ ਹਿੱਤਾਂ ਨੂੰ ਮੁੱਖ ਰੱਖਦਿਆਂ ਚੋਣਾਂ ਵਿੱਚ ਹਿੱਸਾ ਨਾ ਲੈਣ ਦੀ ਪੁਰਜੋਰ ਅਪੀਲ ਕੀਤੀ | ਉਨ੍ਹਾਂ ਕਿਹਾ ਕਿ ਜਿਸ ਸੰਸਥਾ ਲਈ ਚੋਣਾਂ ਕਰਵਾਈਆਂ ਜਾ ਰਹੀਆਂ ਹਨ ਜਦੋਂ ਬਲਾਕ ਦੇ ਪਿੰਡਾਂ ਦੀ ਉਹ ਸੰਸਥਾ ਹੀ ਖਤਮ ਕਰ ਦਿੱਤੀ ਗਈ ਹੈ ਤਾਂ ਬਲਾਕ ਦੇ ਲੋਕਾਂ ਵਲੋਂ ਚੋਣਾਂ ਵਿੱਚ ਹਿੱਸਾ ਲੈਣ ਅਤੇ ਵੋਟਾਂ ਪਾਉਣ ਦਾ ਕੋਈ ਮਤਲਬ ਨਹੀ ਰਹਿ ਜਾਂਦਾ | ਕਾਨਫਰੰਸ ਨੇ ਫੈਸਲਾ ਕੀਤਾ ਕਿ ਪਿੰਡ-ਪਿੰਡ ਪ੍ਰਚਾਰ ਕਰਕੇ ਲੋਕਾਂ ਨੂੰ ਔੜ ਬਲਾਕ ਦੀਆਂ ਚੋਣਾਂ ਦਾ ਬਾਈਕਾਟ ਕਰਨ ਦਾ ਹੋਕਾ ਦਿੱਤਾ ਜਾਵੇਗਾ ਅਤੇ ਸਰਕਾਰ ਨੂੰ ਜਨਤਕ ਦਬਾਅ ਨਾਲ ਬਲਾਕ ਨੂੰ ਮੁੜ ਬਹਾਲ ਕਰਨ ਲਈ ਮਜ਼ਬੂਰ ਕਰਨ ਵਾਸਤੇ ਸ਼ੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ | ਮੰਚ ਸੰਚਾਲਨ ਮਾ. ਨਰਿੰਦਰ ਸਿੰਘ ਭਗਤ ਵਲੋਂ ਕੀਤਾ ਗਿਆ | ਇਸ ਮੌਕੇ ਸੁਰਿੰਦਰ ਸਿੰਘ ਮਹਿਰਮਪੁਰ, ਕਰਨੈਲ ਸਿੰਘ ਪ੍ਰਧਾਨ, ਕਮਲੇਸ਼ ਕੌਰ, ਜੁਗਿੰਦਰ ਸਿੰਘ, ਸਤਨਾਮ ਸਿੰਘ ਸਾਬਕਾ ਪ੍ਰਧਾਨ ਸਹਿਕਾਰੀ ਸਭਾ, ਬਲਦੇਵ ਸਿੰਘ, ਮੋਹਣ ਸਿੰਘ ਟਾਂਕ, ਚਰਨ ਸਿੰਘ, ਬਚਿੱਤਰ ਸਿੰਘ, ਡਾ. ਦਲਵੀਰ ਮਾਹਲ, ਗੁਰਮੀਤ ਸਿੰਘ ਬਜੀਦਪੁਰ, ਦਰਸ਼ਨ ਸਿੰਘ ਪੰਚ, ਸੁਰਜੀਤ ਸਿੰਘ ਪੰਚ, ਰਾਮ ਕਿਸ਼ਨ ਬੇਗੋਵਾਲ, ਸਰਵਰਿੰਦਰ ਸਿੰਘ ਪੰਦਰਾਵਲ ਆਦਿ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਕੰਦੋਲਾ ਪਰਿਵਾਰ ਵਲੋਂ ਹੱਪੋਵਾਲ ਸਕੂਲ 'ਚ ਗਰਮ ਵਰਦੀਆਂ ਵੰਡੀਆਂ ਅਗਲੀ ਖ਼ਬਰ ਬੰਗਾ 'ਚ ਰਾਜ ਪੱਧਰੀ 6 ਰੋਜ਼ਾ ਸ਼ਹੀਦ ਭਗਤ ਸਿੰਘ ਫੁੱਟਬਾਲ ਟੂਰਨਾਮੈਂਟ ਅੱਜ ਤੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।