ਬੰਗਾ 'ਚ ਰਾਜ ਪੱਧਰੀ 6 ਰੋਜ਼ਾ ਸ਼ਹੀਦ ਭਗਤ ਸਿੰਘ ਫੁੱਟਬਾਲ ਟੂਰਨਾਮੈਂਟ ਅੱਜ ਤੋਂ
ਅਜੀਤ ਡੈਸਕ
05-12-2025
ਬੰਗਾ, 4 ਦਸੰਬਰ (ਸੁਰਿੰਦਰ ਸਿੰਘ ਕਰਮ ਲਧਾਣਾ) - ਰਾਜ ਪੱਧਰੀ ਛੇ ਰੋਜ਼ਾ ਸ਼ਹੀਦ ਭਗਤ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਂਟ 5 ਦਸੰਬਰ ਦਿਨ ਸ਼ੁੱਕਰਵਾਰ ਤੋਂ ਸਿੱਖ ਨੈਸ਼ਨਲ ਕਾਲਜ ਬੰਗਾ ਦੀ ਗਰਾਉਂਡ 'ਚ ਅਰੰਭ ਹੋ ਰਿਹਾ ਹੈ | ਇਸ ਸਬੰਧੀ ਪ੍ਰਬੰਧਕੀ ਸਕੱਤਰ ਸ. ਹਰਜੀਤ ਸਿੰਘ ਮਾਹਲ ਅਤੇ ਪ੍ਰੈੱਸ ਸਕੱਤਰ ਤਲਵਿੰਦਰ ਸ਼ੇਰਗਿੱਲ ਨੇ ਕਿਹਾ ਕਿ ਟੂਰਨਾਮੈਂਟ ਦਾ ਉਦਘਾਟਨ ਜਗਜੀਤ ਸਿੰਘ ਰੰਧਾਵਾ ਇੰਟਰ-ਨੈਸ਼ਨਲ ਫੁੱਟਬਾਲਰ, ਅਜੀਤ ਸਿੰਘ ਖਾਨਖਾਨਾ ਅਤੇ ਬਲਕਾਰ ਸਿੰਘ ਚਾਹਲ ਸਾਂਝੇ ਤੌਰ 'ਤੇ ਕਰਨਗੇ | ਉਦਘਾਟਨੀ ਮੈਚ ਜੇ. ਸੀ. ਟੀ ਕਲੱਬ ਫਗਵਾੜਾ ਅਤੇ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਜੱਬੜ ਵਿਚਕਾਰ ਖੇਡਿਆ ਜਾਵੇਗਾ | ਨਿਰੰਤਰ 6 ਦਿਨ ਚੱਲਣ ਵਾਲੇ ਇਸ ਟੂਰਨਾਮੈਂਟ ਵਿੱਚ ਇਸ ਵਾਰ ਚੋਟੀ ਦੇ ਆਲ ਓਪਨ ਕਲੱਬਾਂ ਦੇ ਮੈਚਾਂ ਦੇ ਨਾਲ-ਨਾਲ ਸਥਾਨਕ ਪੱਧਰ ਦੇ ਬੱਚਿਆਂ ਨੂੰ ਉਤਸ਼ਾਹਿਤ ਕਰਨ ਲਈ ਅੰਡਰ - 14 ਕੈਟਾਗਰੀ ਦੇ ਖਿਡਾਰੀਆਂ ਦੀਆਂ 4 ਟੀਮਾਂ ਦੇ ਮੈਚ ਵੀ ਕਰਵਾਏ ਜਾ ਰਹੇ ਹਨ | ਟੂਰਨਾਮੈਂਟ ਕਮੇਟੀ ਦੇ ਸਰਪ੍ਰਸਤ ਸਰਦਾਰ ਹਰਦੇਵ ਸਿੰਘ ਕਾਹਮਾ ਅਤੇ ਪ੍ਰਧਾਨ ਸਰਦਾਰ ਨਰਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਟੂਰਨਾਮੈਂਟ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਟੂਰਨਾਮੈਂਟ ਦੀ ਜੇਤੂ ਕਲੱਬ ਨੂੰ 1 ਲੱਖ ਰੁਪਏ ਅਤੇ ਆਕਰਸ਼ਕ ਟ੍ਰਾਫ਼ੀ ਨਾਲ ਸਨਮਾਨਿਤ ਕੀਤਾ ਜਾਵੇਗਾ | ਉੱਪ ਜੇਤੂ ਟੀਮ ਨੂੰ 75 ਹਜ਼ਾਰ ਰੁਪਏ ਅਤੇ ਆਕਰਸ਼ਕ ਟ੍ਰਾਫ਼ੀ ਨਾਲ ਸਨਮਾਨਿਤ ਕੀਤਾ ਜਾਵੇਗਾ |