ਪੋਜੇਵਾਲ ਸਰਾਂ, 4 ਦਸੰਬਰ (ਨਵਾਂਗਰਾਈਾ) - ਵਿੱਦਿਆ ਤੇ ਸਿਹਤ ਸਹੂਲਤਾਂ ਹਰ ਆਮ ਤੇ ਲੋੜਵੰਦ ਪ੍ਰਾਣੀ ਨੂੰ ਮਿਲਣ ਦੇ ਮਕਸਦ ਨਾਲ ਸ਼ੁਰੂ ਕੀਤੀ ਸੇਵਾ ਬਾਬਾ ਬੁੱਧ ਸਿੰਘ ਢਾਹਾਂ ਨੇ ਢਾਹਾਂ ਕਲੇਰਾਂ ਤੋਂ ਸ਼ੁਰੂ ਕਰਕੇ ਇਸਦਾ ਅਗਲਾ ਪੜਾਅ ਬੀਤ ਤੇ ਕੰਢੀ ਖੇਤਰ ਗੜ੍ਹਸ਼ੰਕਰ ਨੇੜੇ ਕੁੱਕੜ ਮਜ਼ਾਰਾ ਕੁੱਲਪੁਰ ਗਰਾਂ ਵਿਖੇ ਸ਼ੁਰੂ ਕੀਤਾ | ਗੁਰੂ ਨਾਨਕ ਮਿਸ਼ਨ ਇੰਟਰਨੈਸ਼ਨਲ ਚੈਰੀਟੇਬਲ ਟਰੱਸਟ ਅਦਾਰੇ ਵੱਲੋਂ 4 ਦਸੰਬਰ ਨੂੰ ਉਸ ਮਹਾਨ ਸਮਾਜ ਸੇਵੀ ਤੇ ਕਰਮਯੋਗੀ ਸਖਸੀਅਤ ਬਾਬਾ ਬੁੱਧ ਸਿੰਘ ਢਾਹਾਂ ਦੇ 100ਵੇਂ ਜਨਮ ਦਿਨ ਮੌਕੇ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ | ਇਸ ਵਿਸ਼ਾਲ ਕੈਂਪ 'ਚ ਵੱਡੀ ਗਿਣਤੀ 'ਚ ਨੌਜਵਾਨਾਂ ਤੇ ਹੋਰ ਖੂਨਦਾਨੀਆਂ ਨੇ ਆਪਣਾ ਖੂਨਦਾਨ ਕਰਕੇ ਬਾਬਾ ਬੁੱਧ ਸਿੰਘ ਪ੍ਰਤੀ ਆਪਣੀ ਸ਼ਰਧਾ ਤੇ ਸਤਿਕਾਰ ਦਾ ਪ੍ਰਗਟਾਵਾ ਕੀਤਾ | ਇਸ ਮੌਕੇ ਬਲੱਡ ਡੋਨਰਜ਼ ਕੌਂਸਲ ਨਵਾਂਸ਼ਹਿਰ ਦੇ ਪ੍ਰਬੰਧਕਾਂ ਵੱਲੋਂ ਖੂਨਦਾਨ ਕਰਨ ਦੇ ਸਾਰੇ ਪ੍ਰਬੰਧ ਮੁਕੰਮਲ ਕੀਤੇ ਅਤੇ ਹੋਰ ਨੌਜਵਾਨਾਂ ਨੂੰ ਖੂਨਦਾਨ ਕਰਨ ਲਈ ਪ੍ਰੇਰਿਤ ਕੀਤਾ | ਇਸ ਪਵਿੱਤਰ ਸਮਾਗਮ 'ਚ ਟਰੱਸਟ ਦੀ ਪ੍ਰਧਾਨ ਬੀਬੀ ਸ਼ੁਸ਼ੀਲ ਕੌਰ ਨੇ ਸਾਰੇ ਖੂਨਦਾਨ ਕਰਨ ਵਾਲੇ ਵਾਲੰਟੀਅਰਜ਼, ਪ੍ਰਬੰਧਕਾਂ ਤੇ ਬਲੱਡ ਡੋਨਰਜਸ਼ ਕੌਂਸਲ ਨੂੰ ਆਇਆਂ ਆਖਿਆ | ਟਰੱਸਟ ਦੇ ਸਕੱਤਰ ਬਲਬੀਰ ਸਿੰਘ ਬੈਂਸ ਨੇ ਬਾਬਾ ਬੁੱਧ ਸਿੰਘ ਢਾਹਾਂ ਨਾਲ ਬਿਤਾਏ ਸਮੇਂ ਤੇ ਉਹਨਾਂ ਵੱਲੋਂ ਕੀਤੇ ਕਾਰਜਾਂ ਦੀ ਪ੍ਰਸ਼ੰਸਾ ਕੀਤੀ | ਗੁਰੂ ਨਾਨਕ ਇੰਟਰਨੈਸ਼ਨਲ ਟਰੱਸਟ ਦੇ ਟਰੱਸਟੀ ਤੇ ਬੁਲਾਰੇ ਰਘੁਬੀਰ ਸਿੰਘ ਨੇ ਬਾਬਾ ਬੁੱਧ ਸਿੰਘ ਢਾਹਾਂ ਵੱਲੋਂ ਦੋਆਬਾ ਖੇਤਰ 'ਚ ਕੀਤੀ ਵਿੱਦਿਆ ਤੇ ਸਿਹਤ ਸਹੂਲਤਾਂ ਦੇ ਖੇਤਰ ਵਿੱਚ ਪਾਏ ਇਸ ਅਹਿਮ ਯੋਗਦਾਨ ਦੀ ਵਿਸਤਿ੍ਤ ਜਾਣਕਾਰੀ ਸਾਂਝੀ ਕੀਤੀ | ਰਘਬੀਰ ਸਿੰਘ ਨੇ ਕਿਹਾ ਕਿ ਖੂਨਦਾਨ ਹੀ ਅਜਿਹਾ ਦਾਨ ਹੈ ਜੋ ਮਨੁੱਖ ਕੇਵਲ ਆਪਣੇ ਸਰੀਰ ਰਾਹੀਂ ਹੀ ਦਾਨ ਕਰ ਸਕਦਾ ਹੈ ਜਦਕਿ ਬਾਕੀ ਸਭ ਦਾਨ ਦੁਨਿਆਵੀ ਤੇ ਪਦਾਰਥਕ ਹੀ ਗਿਣੇ ਜਾਂਦੇ ਹਨ | ਇਸ ਮੌਕੇ ਸਮਾਜ ਸੇਵੀ ਦਰਸ਼ਨ ਮੱਟੂ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਬੀਤ ਤੇ ਕੰਢੀ ਦੇ ਪੱਛੜੇ ਇਲਾਕੇ ਵਿੱਚ ਬਾਬਾ ਬੁੱਧ ਸਿੰਘ ਢਾਹਾਂ ਨੇ ਸਿਹਤ ਸਹੂਲਤਾਂ ਦਾ ਲੰਗਰ ਲਾ ਕੇ ਵੱਡਾ ਉਪਕਾਰ ਕੀਤਾ ਹੈ | ਬਾਬਾ ਬੁੱਧ ਸਿੰਘ ਦੇ ਜਗਾਏ ਇਸ ਦੀਪਕ ਨੂੰ ਹੋਰ ਵਧੇਰੇ ਜਗਦਾ ਰੱਖਣ ਲਈ ਸਮੂਹ ਇਲਾਕਾ ਵਾਸੀ ਇਸ ਅਦਾਰੇ ਗੁਰੂ ਨਾਨਕ ਮਿਸ਼ਨ ਚੈਰੀਟੇਬਲ ਹਸਪਤਾਲ ਕੁੱਕੜ ਮਜਾਰਾ ਦੀ ਯਥਾ ਸ਼ਕਤੀ ਮੱਦਦ ਤੇ ਸਹਿਯੋਗ ਕਰਨ | ਇਸ ਮੌਕੇ ਇਸ ਕੈਂਪ 'ਚ ਖਾਸ ਤੌਰ 'ਤੇ ਬੀਬੀ ਜਸਬੀਰ ਕੌਰ ਪਟਿਆਲਾ, ਸੀਨੀਅਰ ਪੱਤਰਕਾਰ ਪਰਮਜੀਤ ਸਿੰਘ ਠੁਕਰਾਲ ਮੁੰਬਈ, ਬੀਬੀ ਕਮਲਜੀਤ ਕੌਰ ਬੈਂਸ, ਇੰਦਰਜੀਤ ਸਿੰਘ ਵਾਰੀਆ ਸੰਚਾਲਕ ਏਕਨੂਰ ਸਵੈ ਸੇਵੀ ਸੰਸਥਾ ਪਠਲਾਵਾ, ਡਾਕਟਰ ਬੱਗਾ ਬਲੱਡ ਡੋਨਰਜ਼ ਕੌਂਸਲ ਨਵਾਂਸ਼ਹਿਰ, ਸੀਨੀਅਰ ਪੱਤਰਕਾਰ ਸਤਪਾਲ ਅਸੀਮ ਲੁਧਿਆਣਾ ਸ਼ਾਮਲ ਸਨ | ਬਾਬਾ ਬੁੱਧ ਸਿੰਘ ਢਾਹਾਂ ਦੇ 100ਵੇਂ ਜਨਮ ਦਿਹਾੜੇ ਦੇ ਖ਼ਾਸ ਦਿਨ 'ਤੇ ਬੀਬਾ ਕੁਲਵੰਤ ਦੀ ਅਗਵਾਈ ਹੇਠ ਅਜ਼ਾਦ ਰੰਗ ਮੰਚ ਫਗਵਾੜਾ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਜੀਵਨੀ ਅਤੇ ਸ਼ਹਾਦਤ 'ਤੇ ਅਧਾਰਿਤ ਨਾਟਕ 'ਤੇਗ ਬਹਾਦਰ ਬੋਲਿਆ' ਪੇਸ਼ ਕੀਤਾ | ਇਸ ਇਤਿਹਾਸਕ ਤੇ ਭਾਵੁਕ ਨਾਟਕ ਨੂੰ ਵੇਖ ਦਰਸ਼ਕਾਂ ਨੇ ਖੂਬ ਸਲਾਹਿਆ ਤੇ ਪ੍ਰਸੰਸਾ ਕੀਤੀ |