ਬੰਗਾ, 21 ਅਕਤੂਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ (ਡੀ. ਐਲ. ਐਸ. ਏ.) ਵਲੋਂ ਪੋਕਸੋ ਐਕਟ 2012 ਦੇ ਸਬੰਧ 'ਚ ਸਿੱਖ ਨੈਸ਼ਨਲ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਬੰਗਾ ਵਿਖੇ ਇਕ ਵਿਸ਼ੇਸ਼ ਜਾਗਰੂਕਤਾ ਸੈਮੀਨਾਰ ਲਗਾਇਆ, ਜਿਸ 'ਚ ਬੱਚਿਆਂ ਨੂੰ ਪੋਕਸੋ ਐਕਟ ਦੇ ਤਹਿਤ ਜਿਣਸੀ ਹਿੰਸਾ, ਜਿਣਸੀ ਛੇੜਛਾੜ, ਸਾਈਬਰ ਕ੍ਰਾਈਮ ਤੇ ਉਨ੍ਹਾਂ ਦੇ ਮੌਲਿਕ ਅਧਿਕਾਰਾਂ ਬਾਰੇ ਜਾਣੂ ਕਰਵਾਇਆ ਗਿਆ | ਸੈਮੀਨਾਰ ਨੂੰ ਸੰਬੋਧਿਤ ਕਰਦਿਆਂ ਅਵਤਾਰ ਚੁੰਬਰ ਜ਼ਿਲ੍ਹਾ ਪ੍ਰੋਗਰਾਮ ਅਵੇਰਨੈੱਸ ਅਫਸਰ ਨੇ ਕਿਹਾ ਕਿ ਇਸ ਐਕਟ ਦਾ ਮੁੱਖ ਮਕਸਦ ਸਾਡੇ ਦੇਸ਼ ਦੇ ਬੱਚਿਆਂ ਨੂੰ ਆਲੇ ਦੁਆਲੇ ਤੋਂ ਸੁਰੱਖਿਅਤ ਕਰਨਾ ਹੈ | ਇਹ ਬੱਚਿਆਂ ਨੂੰ ਜਿਣਸੀ ਹਿੰਸਾ, ਜਿਣਸੀ ਛੇੜਛਾੜ, ਅਸ਼ਲੀਲ ਸਮੱਗਰੀ ਤੇ ਮਾਨਸਿਕ ਪ੍ਰੇਸ਼ਾਨੀ ਤੇ ਦੁਰਵਿਵਹਾਰ ਵਰਗੇ ਅਪਰਾਧਾਂ ਤੋਂ ਬਚਾਉਣ ਲਈ ਲਾਗੂ ਕੀਤਾ ਗਿਆ | ਇਸ ਸਮੇਂ ਹੀ ਮੈਡਮ ਜਸਵਿੰਦਰ ਕੌਰ ਤੇ ਉਨ੍ਹਾਂ ਦੀ ਟੀਮ ਨੇ ਬੱਚਿਆਂ ਨੂੰ ਇਸ ਐਕਟ ਦੇ ਬਾਰੇ ਭਰਪੂਰ ਜਾਣਕਾਰੀ ਦਿੱਤੀ | ਇਸ ਮੌਕੇ ਸਕੂਲ ਇੰਚਾਰਜ ਪਿ੍ੰਸੀਪਲ ਜਤਿੰਦਰ ਮੋਹਨ ਨੇ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਇਸ ਤਰ੍ਹਾਂ ਦੇ ਸੈਮੀਨਾਰ ਸਮੇਂ-ਸਮੇਂ 'ਤੇ ਸਕੂਲਾਂ ਵਿੱਚ ਹੋਣੇ ਚਾਹੀਦੇ ਹਨ ਤਾਂ ਜੋ ਬੱਚਿਆਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਤੇ ਬੱਚਿਆਂ ਨੂੰ ਆਪਣੇ ਚੰਗੇ ਮਾੜੇ ਬਾਰੇ ਜਾਣਕਾਰੀ ਮਿਲ ਸਕੇ | ਇਸ ਮੌਕੇ ਪ੍ਰੋ. ਮੋਹਨ ਸਿੰਘ, ਪ੍ਰੋ. ਰੂਬੀ, ਪ੍ਰੋ. ਮਨਰਾਜ, ਪ੍ਰੋ. ਚਰਨਪ੍ਰੀਤ ਕੌਰ, ਪ੍ਰੋ. ਅਨੀਤਾ ਚੌਧਰੀ, ਪ੍ਰੋ. ਮਨਪ੍ਰੀਤ ਕੌਰ, ਪ੍ਰੋ. ਗੁਰਿੰਦਰ ਕੌਰ, ਪ੍ਰੋ. ਮਨਜੀਤ ਕੌਰ ਤੇ ਪ੍ਰੋ. ਹਰਮਨਪ੍ਰੀਤ ਕੌਰ ਹਾਜ਼ਰ ਸਨ |