ਹੁਸ਼ਿਆਰਪੁਰ, 4 ਦਸੰਬਰ (ਬਲਜਿੰਦਰਪਾਲ ਸਿੰਘ)-ਹੁਸ਼ਿਆਰਪੁਰ ਦੇ ਰਹਿਣ ਵਾਲੇ ਨੌਜਵਾਨ ਅਵਤਾਰ ਸਿੰਘ ਭੁੱਟੋ ਨੇ ਥਾਈਲੈਂਡ ਦੇ ਏਸ਼ੀਆ ਬਾਡੀ ਬਿਲਡਿੰਗ ਚੈਂਪੀਅਨਸ਼ਿਪ 'ਚ ਸੋਨੇ ਦੇ ਤਗਮਾ ਹਾਸਲ ਕਰਕੇ ਜ਼ਿਲ੍ਹੇ ਅਤੇ ਪੰਜਾਬ ਸਮੇਤ ਦੇਸ਼ ਦਾ ਨਾਂਅ ਰੌਸ਼ਨ ਕੀਤਾ | ਜ਼ਿਕਰਯੋਗ ਹੈ ਕਿ ਅਵਤਾਰ ਸਿੰਘ ਭੁੱਟੋ ਪਹਿਲਾਂ ਵੀ ਕਈ ਚੈਂਪੀਅਨਸ਼ਿਪਾਂ 'ਚ ਗੋਲਡ ਮੈਡਲ ਜਿੱਤ ਕੇ ਜ਼ਿਲ੍ਹੇ ਦਾ ਨਾਂਅ ਰੌਸ਼ਨ ਕਰ ਚੁੱਕੇ ਹਨ | ਜਿੱਤ ਹਾਸਲ ਕਰਨ ਉਪਰੰਤ ਵਾਪਸ ਪਹੁੰਚਣ 'ਤੇ ਬਲਵਿੰਦਰ ਸਿੰਘ ਬਿੰਦੀ ਤੇ ਹੁਸ਼ਿਆਰਪੁਰ ਵਾਸੀਆਂ ਵਲੋਂ ਬਾਡੀ ਬਿਲਡਰ ਅਵਤਾਰ ਸਿੰਘ ਭੁੱਟੋ ਦਾ ਭਰਵਾਂ ਸਵਾਗਤ ਕੀਤਾ | ਇਸ ਮੌਕੇ ਗੱਲਬਾਤ ਦੌਰਾਨ ਅਵਤਾਰ ਸਿੰਘ ਭੁੱਟੋ ਨੇ ਕਿਹਾ ਕਿ ਪੰਜਾਬ ਦੀ ਨੌਜਵਾਨੀ ਨੂੰ ਜੇਕਰ ਨਸ਼ਿਆਂ ਤੋਂ ਬਚਾਉਣਾ ਹੈ ਤਾਂ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਜਾਗਰੂਕ ਕਰਨਾ ਬੇਹੱਦ ਜ਼ਰੂਰੀ ਹੈ | ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਉਮਰ 54 ਸਾਲ ਦੀ ਹੋ ਚੁੱਕੀ ਹੈ, ਪ੍ਰੰਤੂ ਹੁਣ ਵੀ ਉਹ ਆਪਣੇ ਸਿਹਤ ਦਾ ਪੂਰਾ ਖਿਆਲ ਰੱਖਦੇ ਹਨ ਅਤੇ ਖੇਡਾਂ ਨੂੰ ਤਰਜੀਹ ਦਿੰਦੇ ਹਨ | ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਨੌਜਵਾਨ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਵਧੀਆ ਖੇਡਾਂ ਲਈ ਪਲੇਟਫ਼ਾਰਮ ਅਤੇ ਸਹੂਲਤਾਂ, ਸਟੇਡੀਅਮ ਮੁਹੱਈਆ ਕਰਵਾਈਆਂ ਜਾਣ | ਇਸ ਦੇ ਨਾਲ-ਨਾਲ ਆਰਥਿਕ ਪੱਖੋਂ ਤੰਗ ਵਧੀਆ ਖਿਡਾਰੀਆਂ ਨੂੰ ਅੱਗੇ ਵਧਣ 'ਚ ਪੂਰੀ ਸਹਾਇਤਾ ਮੁਹੱਈਆ ਕਰਵਾਈ ਜਾਣ |