ਦਸੂਹਾ, 3 ਦਸੰਬਰ (ਭੁੱਲਰ)- ਬੇਟ ਇਲਾਕੇ ਵਿਚ ਪੱਕਾ ਪੁਲ ਬਣਾਉਣ ਦਾ ਪਿੰਡ ਵਾਸੀਆਂ ਨਾਲ ਕੀਤਾ ਵਾਅਦਾ ਪੂਰਾ ਕਰ ਦਿੱਤਾ ਗਿਆ ਹੈ | ਇਹ ਪ੍ਰਗਟਾਵਾ ਦਸੂਹਾ ਹਲਕੇ ਤੋਂ 'ਆਪ' ਦੇ ਵਿਧਾਇਕ ਐਡਵੋਕੇਟ ਕਰਮਬੀਰ ਸਿੰਘ ਘੁੰਮਣ ਵਲੋਂ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਇਸ 'ਤੇ ਕਰੀਬ ਦੋ ਕਰੋੜ ਪੰਜਾਹ ਲੱਖ ਰੁਪਏ ਖ਼ਰਚ ਕੀਤੇ ਗਏ ਹਨ | ਉਨ੍ਹਾਂ ਕਿਹਾ ਕਿ ਇਹ ਪੁਲ ਜੋ ਪਾਣੀ ਦੀ ਸਮੱਸਿਆ ਕਾਰਨ ਵਾਰ-ਵਾਰ ਟੁੱਟ ਰਹੀ ਸੀ ਅਤੇ ਬਹੁਤ ਖਸਤਾ ਹਾਲਾਤ ਸੀ ਹੁਣ ਨਵਾਂ ਪੁਲ ਬਣਨ ਆਵਾਜਾਈ ਵੀ ਵਧੇਰੇ ਸੁਖਾਲੀ ਹੋਵੇਗੀ | ਘੁੰਮਣ ਨੇ ਅੱਗੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੜਕਾਂ ਦੇ ਬੁਨਿਆਦੀ ਢਾਂਚੇ ਨੂੰ ਵਿਕਸਿਤ ਕਰਨ ਲਈ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਸੂਬੇ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਬਣਾਉਣਾ ਸਰਕਾਰ ਦੀ ਪਹਿਲ ਹੈ ਤਾਂ ਜੋ ਲੋਕਾਂ ਨੂੰ ਆਵਾਜਾਈ ਦੌਰਾਨ ਸਹੂਲਤ ਮਿਲ ਸਕੇ | ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਮੁੱਖ ਏਜੰਡਾ ਵਿਕਾਸ ਹੈ, ਇਸ ਲਈ ਸਾਰੇ ਪਿੰਡਾਂ ਦਾ ਬਿਨਾਂ ਕਿਸੇ ਪੱਖਪਾਤ ਤੋਂ ਲੋਕਾਂ ਦੀ ਤਰਜੀਹ ਮੁਤਾਬਿਕ ਵਿਕਾਸ ਕਰਵਾਇਆ ਜਾ ਰਿਹਾ ਹੈ | ਇਸ ਮੌਕੇ ਪਿੰਡ ਵਾਸੀਆਂ ਨੇ ਇਸ ਪੁਲ ਲਈ ਅਤੇ ਪਿੰਡ ਵਿਚ ਕੀਤੇ ਜਾ ਰਹੇ ਹੋਰਨਾਂ ਵਿਕਾਸ ਕਾਰਜਾਂ ਲਈ ਆਪਣੇ ਵਿਧਾਇਕ ਨੂੰ ਧੰਨਵਾਦ ਦਿੱਤਾ ਅਤੇ ਉਨ੍ਹਾਂ ਦੇ ਹੱਕ ਵਿਚ ਆਪਣੀ ਇੱਕਜੁੱਟਤਾ ਦੁਹਰਾਈ | ਇਸ ਸਮੇਂ ਲਵਪ੍ਰੀਤ ਸਿੰਘ, ਜੇ ਈ ਅਸ਼ੋਕ ਕੁਮਾਰ, ਨਵਦੀਪ ਪਾਲ ਸਿੰਘ ਰਿੰਪਾ, ਗੁਰਦੀਪ ਸਿੰਘ ਸੋਨੂੰ, ਕੁਲਵਿੰਦਰ ਸਿੰਘ ਕਿੰਦਾ, ਰਵਿੰਦਰ ਸਿੰਘ ਕਮਾਲਪੁਰ, ਬਿੱਟੂ ਕੋਟਲਾ ਹਾਜ਼ਰ ਸੀ |