ਹੁਸ਼ਿਆਰਪੁਰ, 24 ਨਵੰਬਰ (ਬਲਜਿੰਦਰਪਾਲ ਸਿੰਘ)-ਗੌਰਮਿੰਟ ਕਾਲਜ ਰਿਟਾਇਰਡ ਟੀਚਰਜ਼ ਵੈੱਲਫੇਅਰ ਐਸੋਸੀਏਸ਼ਨ ਦਾ ਪਰਿਵਾਰ ਮਿਲਣ ਸਮਾਗਮ ਹੁਸ਼ਿਆਰਪੁਰ ਵਿਖੇ ਹੋਇਆ | ਇਸ ਮੌਕੇ ਪਿ੍ੰ. ਦੇਸ਼ ਬੀਰ ਦੀ ਪੁਸਤਕ 'ਜਵਾਬ ਅਜੇ ਬਾਕੀ ਹੈ' ਨੂੰ ਲੋਕ ਅਰਪਣ ਕੀਤਾ ਗਿਆ | ਜ਼ਿਕਰਯੋਗ ਹੈ ਕਿ ਇਸ ਪੁਸਤਕ 'ਚ ਪਿ੍ੰ. ਦੇਸ਼ ਬੀਰ ਦੇ ਅੰਗਰੇਜ਼ੀ ਦੀਆਂ ਪ੍ਰਸਿੱਧ ਪੱਤਰ-ਪੱਤ੍ਰਕਾਵਾਂ ਵਿਚ ਛਪਦੇ ਰਹੇ ਸੈਂਕੜੇ ਰਚਨਾਤਮਿਕ ਨਿਬੰਧਾਂ 'ਚੋਂ ਚੋਣਵੇਂ 68 ਨਿਬੰਧਾਂ ਦਾ ਪੰਜਾਬੀ 'ਚ ਅਨੁਵਾਦ ਕਰਕੇ ਸ਼ਾਮਿਲ ਕੀਤਾ ਗਿਆ ਹੈ | ਪੁਸਤਕ ਨੂੰ ਲੋਕ ਅਰਪਣ ਕਰਨ ਮੌਕੇ ਐਸੋਸੀਏਸ਼ਨ ਦੇ ਹੁਸ਼ਿਆਰਪੁਰ ਤੇ ਜਲੰਧਰ ਜ਼ਿਲਿ੍ਹਆਂ ਤੋਂ 3 ਦਰਜਨ ਤੋਂ ਵੱਧ ਅਹੁਦੇਦਾਰਾਂ ਤੇ ਮੈਂਬਰਾਂ ਨੇ ਭਾਗ ਲਿਆ | ਸਮਾਗਮ 'ਚ ਮੁੱਖ ਮਹਿਮਾਨ ਵਜੋਂ ਪਹੁੰਚੇ ਐਸੋਸੀਏਸ਼ਨ ਦੇ ਸੂਬਾ ਜਨਰਲ ਸਕੱਤਰ ਡਾ. ਗੁਰਜੰਟ ਸਿੰਘ ਨੇ ਇਸ ਪੁਸਤਕ ਦੀ ਰਚਨਾ ਕਰਨ ਲਈ ਪਿ੍ੰ.ਦੇਸ਼ ਬੀਰ ਨੂੰ ਮੁਬਾਰਕਬਾਦ ਦਿੱਤੀ | ਪੁਸਤਕ ਨੂੰ ਪੰਜਾਬੀ ਵਿਚ ਅਨੁਵਾਦ ਕਰਨ ਦੀ ਕਠਿਨ ਜ਼ਿੰਮੇਵਾਰੀ ਪਿ੍ੰ.ਰਜਿੰਦਰ ਕੌਰ ਸਾਬਕਾ ਪਿ੍ੰਸੀਪਲ ਸਰਕਾਰੀ ਕਾਲਜ ਟਾਂਡਾ ਨੇ ਬਾਖ਼ੂਬੀ ਨਿਭਾਈ ਹੈ | ਸਮਾਗਮ ਦੌਰਾਨ 75 ਤੇ 85 ਸਾਲ ਦੀ ਉਮਰ ਵਾਲੇ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ | ਪੁਸਤਕ ਦੀ ਭੂਮਿਕਾ ਡਾ.ਪਿ੍ਤਪਾਲ ਸਿੰਘ ਮਹਿਰੋਕ ਨੇ ਲਿਖੀ ਹੈ | ਪੁਸਤਕ ਦੀ ਛਪਾਈ ਦੀ ਅਹਿਮ ਜ਼ਿੰਮੇਵਾਰੀ ਐਸੋਸੀਏਸ਼ਨ ਦੇ ਸਥਾਨਕ ਯੂਨਿਟ ਦੇ ਪ੍ਰਧਾਨ ਪਿ੍ੰ.ਪਰਮਜੀਤ ਸਿੰਘ ਨੇ ਨਿਭਾਈ | ਸਮਾਗਮ ਦੇ ਆਖੀਰ 'ਚ ਡਾ.ਬਲਬੀਰ ਸਿੰਘ ਨੇ ਸਾਰਿਆਂ ਦਾ ਧੰਨਵਾਦ ਕੀਤਾ |