ਨਵੀਂ ਦਿੱਲੀ, 9 ਦਸੰਬਰ (ਅਜੀਤ ਬਿਊਰੋ)-ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਨੇ ਰਾਜ ਸਭਾ ਵਿਚ ਦੇਸ਼ ਦੇ ਨਿੱਜੀ ਵਿੱਦਿਅਕ ਅਦਾਰਿਆਂ 'ਚ ਅਧਿਆਪਕਾਂ ਨੂੰ ਕੌਮੀ ਪੱਧਰੀ ਸਨਮਾਨ ਦੇਣ ਦਾ ਮੁੱਦਾ ਚੁੱਕਦਿਆਂ ਕਿਹਾ ਕਿ ਨਿੱਜੀ ਅਦਾਰਿਆਂ ਦੀ ਸਿੱਖਿਆ ਦੀ ਗੁਣਵੱਤਾ, ਆਲਮੀ ਦਰਜਾਬੰਦੀ 'ਚ ਭਾਰਤੀ ਵਿੱਦਿਅਕ ਅਦਾਰਿਆਂ ਦਾ ਦਬਦਬਾ, ਰਿਸਰਚ ਆਊਟਪੁੱਟ ਨੂੰ ਮਜ਼ਬੂਤ ਕਰਨ ਅਤੇ ਭਾਰਤ ਦੀ ਗਲੋਬਲ ਅਕਾਦਮਿਕ ਸਥਿਤੀ ਨੂੰ ਬਿਹਤਰ ਬਣਾਉਣ ਵਿਚ ਨਿੱਜੀ ਅਦਾਰਿਆਂ ਦੇ ਯੋਗਦਾਨ ਨੂੰ ਐਨੇ ਸਾਲ ਬੀਤਣ ਦੇ ਬਾਵਜੂਦ ਸਹੀ ਪਛਾਣ ਨਹੀਂ ਮਿਲੀ ਹੈ | ਉਨ੍ਹਾਂ ਕਿਹਾ ਕਿ ਵਿਕਸਿਤ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ 'ਚ ਅਧਿਆਪਕਾਂ ਦਾ ਅਹਿਮ ਯੋਗਦਾਨ ਹੈ | ਉਨ੍ਹਾਂ ਨੇ ਕੇਂਦਰ ਸਰਕਾਰ ਤੋਂ ਨਿੱਜੀ ਵਿੱਦਿਅਕ ਅਦਾਰਿਆਂ 'ਚ ਕੰਮ ਕਰਨ ਵਾਲੇ ਅਧਿਆਪਕਾਂ ਦੇ ਵਡਮੁੱਲੇ ਯੋਗਦਾਨ ਨੂੰ ਸਨਮਾਨ ਅਤੇ ਸਹੀ ਪਛਾਣ ਦੇਣ ਦੀ ਅਪੀਲ ਕੀਤੀ ਅਤੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਹ ਮੁੱਦਾ ਸਿਰਫ਼ ਗਿਣਤੀ ਦਾ ਨਹੀਂ, ਬਲਕਿ ਗੁਣਵੱਤਾ ਦਾ ਹੈ | ਉਨ੍ਹਾਂ ਕਿਹਾ ਕਿ ਅਮਰੀਕਾ ਦੀ ਸਟੈਨਫੋਰਡ ਯੂਨੀਵਰਸਿਟੀ, ਜੋ ਹਰ ਸਾਲ ਦੁਨੀਆ ਦੇ ਟੌਪ 12 ਫ਼ੀਸਦੀ ਵਿਗਿਆਨੀਆਂ ਦੀ ਸੂਚੀ ਜਾਰੀ ਕਰਦੀ ਹੈ, ਨੇ ਆਪਣੀ ਤਾਜ਼ਾ ਸੂਚੀ 'ਚ 6329 ਭਾਰਤੀ ਅਧਿਆਪਕਾਂ ਦੇ ਨਾਂਅ ਸ਼ਾਮਿਲ ਕੀਤੇ ਹਨ, ਜੋ ਸਾਡੇ ਲਈ ਮਾਣ ਵਾਲੀ ਗੱਲ ਹੈ |