ਕਿਹਾ, ਜੇਕਰ 2027 'ਚ ਸਰਕਾਰ ਬਣਾਉਣੀ ਹੈ ਤਾਂ 4-5 ਬੰਦੇ ਇਕ ਪਾਸੇ ਕਰਨੇ ਪੈਣਗੇ
ਧਰਮਿੰਦਰ ਸਿੰਘ ਸਿੱਧੂ
ਪਟਿਆਲਾ, 9 ਦਸੰਬਰ-ਮੁੱਖ ਮੰਤਰੀ ਦੀ ਕੁਰਸੀ ਲਈ 500 ਕਰੋੜ ਰੁਪਏ ਵਾਲੀ ਟਿੱਪਣੀ ਉਪਰੰਤ ਪਾਰਟੀ ਤੋਂ ਮੁਅੱਤਲ ਕੀਤੇ ਜਾਣ ਤੋਂ ਇਕ ਦਿਨ ਬਾਅਦ ਡਾ. ਨਵਜੋਤ ਕੌਰ ਸਿੱਧੂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਪੰਜਾਬ ਕਾਂਗਰਸ ਦੇ 70 ਫ਼ੀਸਦੀ ਅਤੇ ਆਲ ਇੰਡੀਆ ਕਾਂਗਰਸ ਕਮੇਟੀ (ਏ.ਆਈ.ਸੀ.ਸੀ.) ਦੇ 90 ਫ਼ੀਸਦੀ ਆਗੂਆਂ ਦਾ ਸਮਰਥਨ ਪ੍ਰਾਪਤ ਹੈ | ਡਾ. ਸਿੱਧੂ ਵਲੋਂ ਕਾਂਗਰਸ ਦੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਵਿਰੁੱਧ ਕਥਿਤ ਅਪਮਾਨਜਨਕ ਟਿੱਪਣੀਆਂ ਲਈ ਉਨ੍ਹਾਂ ਨੂੰ ਕਾਨੂੰਨੀ ਨੋਟਿਸ ਭੇਜਣ ਦੇ ਮਾਮਲੇ 'ਚ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਅਜਿਹੇ ਨੋਟਿਸ ਬਹੁਤ ਨਿਕਲਦੇ ਰਹਿੰਦੇ ਹਨ | ਜ਼ਿਕਰਯੋਗ ਹੈ ਕਿ ਹਾਲੇ ਵਿਧਾਨ ਸਭਾ ਚੋਣਾਂ 'ਚ ਇਕ ਸਾਲ ਤੋਂ ਵੱਧ ਦਾ ਸਮਾਂ ਬਾਕੀ ਹੈ | ਪ੍ਰੰਤੂ, ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਸਿਆਸਤ ਵਿਚ ਸੰਭਾਵਿਤ ਵਾਪਸੀ ਅਤੇ ਉਨ੍ਹਾਂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਦੇ ਬਿਆਨ ਨੇ ਸਿਆਸਤ ਵਿਚ ਹਲਚਲ ਮਚਾ ਦਿੱਤੀ ਹੈ | ਅੱਜ ਪਟਿਆਲਾ ਵਿਖੇ ਆਪਣੇ ਗ੍ਰਹਿ 'ਚ ਮੀਡੀਆ ਨਾਲ ਗੱਲਬਾਤ ਕਰਦਿਆਂ ਪਾਰਟੀ ਵਲੋਂ ਮੁਅੱਤਲ ਕਰਨ ਦੇ ਸਵਾਲ ਦਾ ਜਵਾਬ ਦਿੰਦਿਆਂ ਡਾ. ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੂੰ ਸੂਬੇ ਦੇ ਉਸ ਪ੍ਰਧਾਨ ਨੇ ਨੋਟਿਸ ਭੇਜਿਆ ਹੈ, ਜਿਸ ਦੀ ਆਪਣੀ ਮਾਨਤਾ ਨਹੀਂ ਅਤੇ ਅਜਿਹੇ ਨੋਟਿਸ ਬਹੁਤ ਨਿਕਲਦੇ ਹਨ | ਡਾ. ਸਿੱਧੂ ਨੇ ਕਿਹਾ ਕਿ ਗੱਲ ਕੋਈ ਹੋਰ ਸੀ, ਜਿਸ ਨੂੰ ਹੋਰ ਹੀ ਬਣਾ ਦਿੱਤਾ ਗਿਆ ਅਤੇ ਉਸ ਸਮੇਂ ਸਵਾਲ ਇਹ ਸੀ ਕਿ ਤੁਹਾਨੂੰ ਸਾਰਾ ਪੰਜਾਬ ਚਾਹੁੰਦਾ ਹੈ ਕਿ ਤੁਸੀਂ ਮੁੱਖ ਮੰਤਰੀ ਬਣੋ ਤਾਂ ਉਸ ਦੇ ਜਵਾਬ ਵਿਚ ਮੇਰੇ ਵਲੋਂ ਇਹ ਕਿਹਾ ਗਿਆ ਸੀ ਕਿ ਮੁੱਖ ਮੰਤਰੀ ਅਹੁਦੇ ਦਾ ਚਿਹਰਾ ਬਣਨ ਲਈ 500 ਕਰੋੜ ਰੁਪਏ ਦੀ ਲੋੜ ਹੁੰਦੀ ਹੈ ਅਤੇ ਉਨ੍ਹਾਂ ਕੋਲ ਕਿਸੇ ਨੂੰ ਦੇਣ ਲਈ ਇੰਨੇ ਪੈਸੇ ਨਹੀਂ ਹਨ | ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਨਾਲ ਉਪਰ ਗੱਲ ਹੋ ਰਹੀ ਹੈ ਅਤੇ ਅਸੀਂ ਪਾਰਟੀ ਨੂੰ ਇਹ ਗੱਲ ਸਪੱਸ਼ਟ ਕਰ ਚੁੱਕੇ ਹਾਂ ਕਿ ਜੇਕਰ ਉਨ੍ਹਾਂ ਨੇ 2027 'ਚ ਸਰਕਾਰ ਬਣਾਉਣੀ ਹੈ ਤਾਂ ਚਾਰ ਪੰਜ ਬੰਦੇ ਜੋ ਕਾਂਗਰਸ ਨੂੰ ਤਬਾਹ ਕਰ ਰਹੇ ਹਨ, ਜੇਕਰ ਇਨ੍ਹਾਂ ਨੂੰ ਇਕ ਪਾਸੇ ਕੀਤਾ ਜਾਵੇ ਤਾਂ ਹੀ ਉਹ ਪਾਰਟੀ ਨਾਲ ਚੱਲਣ ਦੀ ਸੋਚਣਗੇ | ਉਨ੍ਹਾਂ ਸੁਖਜਿੰਦਰ ਸਿੰਘ ਰੰਧਾਵਾ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਉਹ ਨਸ਼ਾ ਤਸਕਰ ਹਨ ਅਤੇ ਉਨ੍ਹਾਂ ਦੇ ਤਸਕਰਾਂ ਨਾਲ ਸੰਬੰਧ ਹਨ ਅਤੇ ਉਹ ਜਿਸ ਬੰਦੇ ਦੇ ਪੈਰੀਂ ਹੱਥ ਲਾਉਂਦਾ ਸੀ, ਹੁਣ ਉਸ ਦੇ ਹੀ ਪਿੱਠ ਵਿਚ ਛੁਰੇ ਮਾਰੇ ਹਨ | ਡਾ. ਸਿੱਧੂ ਨੇ ਰੰਧਾਵਾ 'ਤੇ ਹੋਰ ਦੋਸ਼ ਲਗਾਉਂਦਿਆਂ ਕਿਹਾ ਕਿ ਉਨ੍ਹਾਂ ਵਲੋਂ ਰਾਜਸਥਾਨ ਵਿਚ ਪੈਸੇ ਲੈ ਕੇ ਟਿਕਟਾਂ ਵੰਡੀਆਂ ਗਈਆਂ ਸਨ | ਉਨ੍ਹਾਂ ਰੰਧਾਵਾ 'ਤੇ ਹੋਰ ਸ਼ਬਦੀ ਹਮਲੇ ਕਰਦਿਆਂ ਕਿਹਾ ਕਿ ਉਹ ਸੂਬੇ ਵਿਚ ਵਿਗੜੀ ਕਾਨੂੰਨ ਵਿਵਸਥਾ ਦੀ ਗੱਲ ਨਹੀਂ ਕਰਦੇ ਅਤੇ ਨਾ ਹੀ ਮੁੱਖ ਮੰਤਰੀ ਦੀ ਖ਼ਿਲਾਫ਼ਤ ਕਰਦੇ ਹਨ |
70 ਫ਼ੀਸਦੀ ਪੰਜਾਬ ਕਾਂਗਰਸ ਤੇ 90 ਫ਼ੀਸਦੀ ਆਲ ਇੰਡੀਆ ਕਾਂਗਰਸ ਕਮੇਟੀ ਮੇਰੇ ਨਾਲ-ਡਾ. ਨਵਜੋਤ ਕੌਰ ਸਿੱਧੂ
ਅਜੀਤ ਡੈਸਕ
10-12-2025