29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਵੋਟ ਚੋਰੀ ਤੋਂ ਵੱਡਾ ਕੋਈ ਰਾਸ਼ਟਰ ਵਿਰੋਧੀ ਕੰਮ ਨਹੀਂ-ਰਾਹੁਲ ਗਾਂਧੀ

ਅਜੀਤ ਡੈਸਕ 10-12-2025

• ਚੋਣ ਸੁਧਾਰਾਂ ਦੀ ਕੀਤੀ ਮੰਗ • ਚੋਣ ਕਮਿਸ਼ਨ ਤੋਂ ਪੁੱਛੇ 3 ਸਵਾਲ
ਨਵੀਂ ਦਿੱਲੀ, 9 ਦਸੰਬਰ (ਉਪਮਾ ਡਾਗਾ ਪਾਰਥ)-ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਹੇਠਲੇ ਸਦਨ 'ਚ ਹੋ ਰਹੀ ਚੋਣ ਸੁਧਾਰਾਂ 'ਤੇ ਚਰਚਾ ਦੌਰਾਨ ਵੋਟ ਚੋਰੀ ਅਤੇ ਭਾਜਪਾ 'ਤੇ ਚੋਣ ਕਮਿਸ਼ਨ ਦੀ ਮਿਲੀਭੁਗਤ ਦੇ ਦਾਅਵਿਆਂ ਨੂੰ ਦੁਹਰਾਉਂਦਿਆਂ ਕਿਹਾ ਕਿ ਵੋਟ ਚੋਰੀ ਤੋਂ ਵੱਡਾ ਦੇਸ਼ ਵਿਰੋਧੀ ਕੋਈ ਕੰਮ ਨਹੀਂ ਹੈ, ਜੋ ਦੇਸ਼ ਦੇ ਤਾਣੇ-ਬਾਣੇ ਨੂੰ ਨੁਕਸਾਨ ਪਹੁੰਚਾਉਂਦਾ ਹੈ | ਰਾਹੁਲ ਗਾਂਧੀ ਨੇ ਆਪਣੇ ਭਾਸ਼ਨ 'ਚ ਸੱਤਾ ਧਿਰ ਅਤੇ ਰਾਸ਼ਟਰੀ ਸਵੈ ਸੇਵਕ ਦਲ (ਆਰ.ਐਸ.ਐਸ.) 'ਤੇ ਦੇਸ਼ ਦੇ ਸੰਸਥਾਨਾਂ 'ਤੇ ਕਬਜ਼ਾ ਕਰਨ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਯੂਨੀਵਰਸਿਟੀਆਂ, ਖੁਫੀਆ ਏਜੰਸੀਆਂ ਤੋਂ ਬਾਅਦ ਹੁਣ ਚੋਣ ਕਮਿਸ਼ਨ ਨੂੰ ਆਪਣੇ ਕਬਜ਼ੇ 'ਚ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਰਾਹੁਲ ਗਾਂਧੀ ਨੇ ਆਪਣੇ ਤਕਰੀਬਨ 30 ਮਿੰਟ ਦੇ ਭਾਸ਼ਨ 'ਚ ਚੋਣ ਕਮਿਸ਼ਨ ਤੋਂ ਤਿੰਨ ਸਵਾਲ ਪੁੱਛੇ, ਜਿਨ੍ਹਾਂ 'ਚ ਚੀਫ ਜਸਟਿਸ ਨੂੰ ਚੋਣ ਕਮਿਸ਼ਨਰਾਂ ਦੀ ਨਿਯੁਕਤੀ ਵਾਲੇ ਪੈਨਲ ਤੋਂ ਹਟਾਉਣ, ਚੋਣ ਕਮਿਸ਼ਨਰਾਂ ਨੂੰ ਸਜ਼ਾ ਤੋਂ ਛੋਟ ਅਤੇ ਸੀ.ਸੀ.ਟੀ.ਵੀ. ਫੁਟੇਜ਼ ਨਸ਼ਟ ਕਰਨ ਸੰਬੰਧੀ ਸਵਾਲ ਸ਼ਾਮਿਲ ਸਨ | ਰਾਹੁਲ ਗਾਂਧੀ ਨੇ ਕਿਹਾ ਕਿ ਵਿਰੋਧੀ ਧਿਰ ਦੇ ਨੇਤਾ ਵਜੋਂ ਉਹ ਚੋਣ ਕਮਿਸ਼ਨਰਾਂ ਦੀ ਨਿਯੁਕਤੀ ਕਰਨ ਵਾਲੀ ਕਮੇਟੀ ਦਾ ਹਿੱਸਾ ਹਨ ਪਰ ਉਨ੍ਹਾਂ ਨੇ ਦਾਅਵਾ ਕੀਤਾ ਕਿ ਗਿਣਤੀ ਦੇ ਆਧਾਰ 'ਤੇ ਉੱਥੇ ਉਨ੍ਹਾਂ ਦੀ ਕੋਈ ਆਵਾਜ਼ ਨਹੀਂ ਹੈ | ਉਨ੍ਹਾਂ ਕਿਹਾ ਕਿ ਉਸ ਕਮੇਟੀ 'ਚ ਇਕ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਦੂਜੇ ਪਾਸੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਹਨ ਤਾਂ ਉਨ੍ਹਾਂ ਦੇ ਵਿਰੋਧ ਦੀ ਆਵਾਜ਼ ਕਿੱਥੇ ਸੁਣੀ ਜਾਵੇਗੀ | ਉਨ੍ਹਾਂ ਸਵਾਲ ਕਰਦਿਆਂ ਕਿਹਾ ਕਿ ਚੀਫ ਜਸਟਿਸ ਨੂੰ ਚੋਣ ਕਮੇਟੀ 'ਚੋਂ ਕਿਉਂ ਹਟਾਇਆ ਗਿਆ | ਰਾਹੁਲ ਗਾਂਧੀ ਨੇ ਦਸੰਬਰ 2023 'ਚ ਪਾਸ ਹੋਏ ਉਸ ਕਾਨੂੰਨ 'ਤੇ ਵੀ ਸਵਾਲ ਉਠਾਏ, ਜਿਸ ਮੁਤਾਬਿਕ ਚੋਣ ਕਮਿਸ਼ਨਰ ਵਲੋਂ ਕੀਤੀ ਗਈ ਕਿਸੇ ਵੀ ਕਾਰਵਾਈ ਲਈ ਚੋਣ ਕਮਿਸ਼ਨਰ 'ਤੇ ਬਾਅਦ 'ਚ ਵੀ ਕੋਈ ਕਾਰਵਾਈ ਨਹੀਂ ਕੀਤੀ ਜਾ ਸਕਦੀ | ਰਾਹੁਲ ਗਾਂਧੀ ਮੁੱਖ ਚੋਣ ਕਮਿਸ਼ਨਰ ਅਤੇ ਦੂਜੇ ਚੋਣ ਕਮਿਸ਼ਨਰਾਂ (ਨਿਯੁਕਤੀ, ਸੇਵਾ ਦੀਆਂ ਸ਼ਰਤਾਂ ਅਤੇ ਟਰਮ ਐਫ ਆਫਿਸ) ਬਾਰੇ ਕਾਨੂੰਨ 2023 ਦੀ ਧਾਰਾ 16 ਦਾ ਜ਼ਿਕਰ ਕਰ ਰਹੇ ਸਨ | ਕਾਂਗਰਸੀ ਨੇਤਾ ਨੇ 45 ਦਿਨਾਂ ਅੰਦਰ ਸੀ.ਸੀ.ਟੀ.ਵੀ. ਫੁਟੇਜ਼ ਡਿਲੀਟ ਕਰਨ 'ਤੇ ਵੀ ਸਵਾਲ ਉਠਾਇਆ | ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਚੋਣਾਂ ਦੀਆਂ ਤਾਰੀਖਾਂ ਪ੍ਰਧਾਨ ਮੰਤਰੀ ਦੇ ਕਾਰਜਕ੍ਰਮ ਦੇ ਮੁਤਾਬਿਕ ਤੈਅ ਕੀਤੀਆਂ ਜਾਂਦੀਆਂ ਹਨ | ਕਾਂਗਰਸੀ ਨੇਤਾ ਨੇ ਬਿਹਾਰ 'ਚ ਕਰਵਾਈ ਵਿਸ਼ੇਸ਼ ਵਿਆਪਕ ਮੁੜ ਨਿਰੀਖਣ (ਐਸ.ਆਈ.ਆਰ.) ਕਵਾਇਦ 'ਤੇ ਸਵਾਲ ਉਠਾਉਂਦਿਆਂ ਕਿਹਾ ਕਿ ਬਿਹਾਰ 'ਚ ਐਸ.ਆਈ.ਆਰ. ਹੋਣ ਤੋਂ ਬਾਅਦ ਵੀ 1 ਲੱਖ 22 ਹਜ਼ਾਰ ਨਕਲੀ ਵੋਟਰ ਅਜੇ ਵੀ ਕਿਉਂ ਹਨ | ਰਾਹੁਲ ਗਾਂਧੀ ਦੇ ਭਾਸ਼ਨ ਦੌਰਾਨ ਸੱਤਾ ਧਿਰ ਵਲੋਂ ਕਈ ਵਾਰ ਹੰਗਾਮਾ ਕੀਤਾ ਗਿਆ | ਉਨ੍ਹਾਂ ਜਦੋਂ ਆਰ.ਐਸ.ਐਸ. ਦਾ ਨਾਂਅ ਲਿਆ ਤਾਂ ਭਾਜਪਾ ਸੰਸਦ ਮੈਂਬਰਾਂ ਨੇ ਵਿਰੋਧ ਕੀਤਾ | ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਕਿਹਾ ਕਿ ਅਸੀਂ ਸੁਣਨ ਲਈ ਬੈਠੇ ਹਾਂ ਪਰ ਵਿਰੋਧੀ ਧਿਰ ਦੇ ਨੇਤਾ ਕਿਸੇ ਹੋਰ ਵਿਸ਼ੇ 'ਤੇ ਬੋਲ ਰਹੇ ਹਨ | ਸੱਤਾ ਧਿਰ ਵਲੋਂ ਹੰਗਾਮੇ ਦੌਰਾਨ ਕਾਂਗਰਸੀ ਸੰਸਦ ਮੈਂਬਰਾਂ ਨੇ ਵੀ 'ਵੋਟ ਚੋਰ ਗੱਦੀ ਛੋੜ' ਦੇ ਨਾਅਰੇ ਲਾਏ | ਰਾਹੁਲ ਗਾਂਧੀ ਨੇ ਆਪਣੇ ਭਾਸ਼ਨ 'ਚ 4 ਚੋਣ ਸੁਧਾਰਾਂ ਦੀ ਮੰਗ ਕੀਤੀ, ਜਿਸ 'ਚ ਸਾਰੀਆਂ ਪਾਰਟੀਆਂ ਨੂੰ ਇਕ ਮਹੀਨਾ ਪਹਿਲਾਂ ਮਸ਼ੀਨ ਪੜ੍ਹਨਯੋਗ ਵੋਟਰ ਸੂਚੀ ਦੀ ਮੰਗ ਸ਼ਾਮਿਲ ਸੀ | ਇਸ ਤੋਂ ਇਲਾਵਾ ਸੀ.ਸੀ.ਟੀ.ਵੀ. ਫੁਟੇਜ਼ ਡਿਲੀਟ ਕਰਨ ਤੋਂ ਹਟਾਉਣ, ਚੋਣ ਕਮਿਸ਼ਨਰਾਂ ਦੇ ਖ਼ਿਲਾਫ਼ ਕਾਰਵਾਈ ਹੋਣ ਤੋਂ ਰੋਕਣ ਵਾਲਾ ਕਾਨੂੰਨ ਬਦਲਣ ਤੇ ਈ.ਵੀ.ਐਮ. ਦੀ ਪਰਖ ਮਾਹਿਰਾਂ ਤੋਂ ਕਰਵਾਉਣ ਦੀ ਇਜਾਜ਼ਤ ਦੇਣ ਦੀ ਮੰਗ ਕੀਤੀ |

ਪਿਛਲੀ ਖ਼ਬਰ 70 ਫ਼ੀਸਦੀ ਪੰਜਾਬ ਕਾਂਗਰਸ ਤੇ 90 ਫ਼ੀਸਦੀ ਆਲ ਇੰਡੀਆ ਕਾਂਗਰਸ ਕਮੇਟੀ ਮੇਰੇ ਨਾਲ-ਡਾ. ਨਵਜੋਤ ਕੌਰ ਸਿੱਧੂ ਅਗਲੀ ਖ਼ਬਰ ਐਸ.ਆਈ.ਆਰ. ਦੌਰਾਨ ਬੀ.ਐਲ.ਓਜ਼. ਨੂੰ ਧਮਕੀਆਂ 'ਤੇ ਕਾਬੂ ਨਾ ਪਾਇਆ ਤਾਂ ਅਰਾਜਕਤਾ ਫੈਲ ਜਾਵੇਗੀ-ਸੁਪਰੀਮ ਕੋਰਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।