29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਅਮਰੀਕੀ ਬਾਜ਼ਾਰ 'ਚ ਚੌਲ 'ਡੰਪ' ਨਾ ਕਰੇ ਭਾਰਤ-ਟਰੰਪ

ਅਜੀਤ ਡੈਸਕ 10-12-2025

ਕਿਹਾ, ਟੈਰਿਫ਼ ਲਗਾ ਕੇ ਸਮੱਸਿਆ ਦਾ ਕਰਾਂਗਾ ਹੱਲ
ਨਿਊਯਾਰਕ, 9 ਦਸੰਬਰ (ਪੀ.ਟੀ.ਆਈ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਭਾਰਤ ਨੂੰ ਅਮਰੀਕਾ ਦੇ ਬਾਜ਼ਾਰ ਵਿਚ ਚੌਲ 'ਡੰਪ' (ਬਹੁਤ ਘੱਟ ਕੀਮਤ 'ਤੇ ਵੇਚਣਾ) ਨਹੀਂ ਕਰਨੇ ਚਾਹੀਦੇ ਅਤੇ ਉਹ ਇਸ ਸਮੱਸਿਆ ਨੂੰ ਜਲਦ ਠੀਕ ਕਰਨਗੇ | ਸੋਮਵਾਰ ਨੂੰ ਵਾਈਟ ਹਾਊਸ ਵਿਚ ਟਰੰਪ ਨੇ ਖੇਤੀਬਾੜੀ ਖੇਤਰ ਦੇ ਨੁਮਾਇੰਦਿਆਂ ਅਤੇ ਆਪਣੀ ਕੈਬਨਿਟ ਦੇ ਮੁੱਖ ਮੈਂਬਰਾਂ ਵਿੱਤ ਮੰਤਰੀ ਸਕਾਟ ਬੇਸੈਂਟ ਅਤੇ ਖੇਤੀਬਾੜੀ ਮੰਤਰੀ ਬਰੂਕ ਲੋਲਿੰਸ ਨਾਲ ਇਕ ਮੀਟਿੰਗ ਕੀਤੀ | ਉਨ੍ਹਾਂ ਕਿਸਾਨਾਂ ਲਈ 12 ਅਰਬ ਡਾਲਰ ਦੀ ਸੰਘੀ ਸਹਾਇਤਾ ਦਾ ਐਲਾਨ ਕੀਤਾ | ਲੁਈਸਿਆਨਾ ਵਿਚ ਕੈਨੇਡੀ ਰਾਈਸ ਮਿੱਲ ਚਲਾਉਣ ਵਾਲੀ ਮੇਰਿਲ ਕੈਨੇਡੀ ਨੇ ਟਰੰਪ ਨੂੰ ਦੱਸਿਆ ਕਿ ਦੱਖਣੀ ਅਮਰੀਕਾ ਦੇ ਚੌਲ ਉਤਪਾਦਕ ਸੱਚਮੁੱਚ ਸੰਘਰਸ਼ ਕਰ ਰਹੇ ਹਨ, ਕਿਉਂਕਿ ਦੂਜੇ ਦੇਸ਼ ਅਮਰੀਕਾ ਵਿਚ ਚੌਲ 'ਡੰਪ' ਕਰ ਰਹੇ ਹਨ | ਜਦੋਂ ਟਰੰਪ ਨੇ ਪੁੱਛਿਆ ਕਿ ਕਿਹੜੇ ਦੇਸ਼ ਡੰਪਿੰਗ ਕਰ ਰਹੇ ਹਨ, ਤਾਂ ਕੈਨੇਡੀ ਨੇ ਜਵਾਬ ਦਿੱਤਾ ਕਿ ਭਾਰਤ ਅਤੇ ਥਾਈਲੈਂਡ, ਇਥੋਂ ਤੱਕ ਕਿ ਚੀਨ ਵੀ ਪੋਰਟੋ ਰੀਕੋ ਵਿਚ ਚੌਲ ਡੰਪ ਕਰ ਰਿਹਾ ਹੈ | ਕੈਨੇਡੀ ਨੇ ਕਿਹਾ ਕਿ ਇਹ ਕਈ ਸਾਲਾਂ ਤੋਂ ਹੋ ਰਿਹਾ ਹੈ ਪਰ ਹੁਣ ਇਹ ਇਕ ਬਹੁਤ ਵੱਡੇ ਪੱਧਰ 'ਤੇ ਦੇਖਣ ਨੂੰ ਮਿਲ ਰਿਹਾ ਹੈ | ਉਨ੍ਹਾਂ ਇਹ ਵੀ ਦੱਸਿਆ ਕਿ ਭਾਰਤ ਦੇ ਖ਼ਿਲਾਫ਼ ਵਿਸ਼ਵ ਵਪਾਰ ਸੰਗਠਨ ਵਿਚ ਇਕ ਕੇਸ ਵੀ ਚੱਲ ਰਿਹਾ ਹੈ | ਟਰੰਪ ਨੇ ਵਿੱਤ ਮੰਤਰੀ ਨੂੰ ਭਾਰਤ ਬਾਰੇ ਪੁੱਛਿਆ, ਜਿਸ 'ਤੇ ਬੇਸੈਂਟ ਨੇ ਜਵਾਬ ਦਿੱਤਾ ਕਿ ਉਹ ਅਜੇ ਵੀ ਭਾਰਤ ਦੇ ਵਪਾਰ ਸਮਝੌਤੇ 'ਤੇ ਕੰਮ ਕਰ ਰਹੇ ਹਨ | ਟਰੰਪ ਨੇ ਕਿਹਾ ਕਿ ਉਨ੍ਹਾਂ ਨੂੰ ਡੰਪਿੰਗ ਨਹੀਂ ਕਰਨੀ ਚਾਹੀਦੀ... ਉਹ ਅਜਿਹਾ ਨਹੀਂ ਕਰ ਸਕਦੇ | ਟਰੰਪ ਨੇ ਭਰੋਸਾ ਦਿੱਤਾ ਕਿ ਇਸ ਸਮੱਸਿਆ ਨੂੰ ਟੈਰਿਫ਼ ਨਾਲ ਬਹੁਤ ਆਸਾਨੀ ਨਾਲ ਅਤੇ ਇਕ ਦਿਨ ਵਿਚ ਹੱਲ ਕੀਤਾ ਜਾ ਸਕਦਾ ਹੈ, ਜਿਸ ਨਾਲ ਗੈਰ-ਕਾਨੂੰਨੀ ਢੰਗ ਨਾਲ ਚੌਲ ਭੇਜਣ ਵਾਲੇ ਦੇਸ਼ਾਂ ਨੂੰ ਰੋਕਿਆ ਜਾਵੇਗਾ | ਜ਼ਿਕਰਯੋਗ ਹੈ ਕਿ ਭਾਰਤੀ ਚੌਲ ਬਰਾਮਦਕਾਰ ਫੈਡਰੇਸ਼ਨ (ਆਈ. ਆਰ. ਈ. ਐਫ.) ਦੇ ਅੰਕੜਿਆਂ ਅਨੁਸਾਰ ਭਾਰਤ ਚੌਲਾਂ ਦਾ ਸਭ ਤੋਂ ਵੱਡਾ ਉਤਪਾਦਕ ਹੈ (15 ਕਰੋੜ ਟਨ) ਅਤੇ ਆਲਮੀ ਬਾਜ਼ਾਰ ਵਿਚ 28 ਫ਼ੀਸਦੀ ਹਿੱਸੇਦਾਰੀ ਰੱਖਦਾ ਹੈ | ਇਹ ਚੌਲਾਂ ਦਾ ਸਭ ਤੋਂ ਵੱਡਾ ਬਰਾਮਦਕਾਰ ਵੀ ਹੈ, ਜਿਸ ਦੀ 2024-25 ਵਿਚ ਆਲਮੀ ਬਰਾਮਦ ਵਿਚ 30.3 ਫ਼ੀਸਦੀ ਹਿੱਸੇਦਾਰੀ ਹੈ | ਇੰਡੀਆ ਬ੍ਰਾਂਡ ਇਕੁਇਟੀ ਫਾਊਾਡੇਸ਼ਨ ਅਨੁਸਾਰ ਭਾਰਤ ਨੇ 2024 ਦੇ ਵਿੱਤੀ ਸਾਲ ਵਿਚ ਅਮਰੀਕਾ ਨੂੰ ਲਗਭਗ 2.34 ਲੱਖ ਟਨ ਚੌਲ ਬਰਾਮਦ ਕੀਤੇ, ਜੋ ਇਸ ਦੀ ਕੁੱਲ ਗਲੋਬਲ ਬਾਸਮਤੀ ਚੌਲਾਂ ਦੀ ਬਰਾਮਦ (52.4 ਲੱਖ ਟਨ) ਦੇ 5 ਫ਼ੀਸਦੀ ਤੋਂ ਵੀ ਘੱਟ ਹੈ |

ਪਿਛਲੀ ਖ਼ਬਰ ਰੰਧਾਵਾ ਵਲੋਂ ਬੀਬੀ ਸਿੱਧੂ ਨੂੰ ਚਿਤਾਵਨੀ, ਭੇਜਿਆ ਕਾਨੂੰਨੀ ਨੋਟਿਸ ਅਗਲੀ ਖ਼ਬਰ ਸਰਕਾਰ ਵਲੋਂ ਇੰਡੀਗੋ ਉਡਾਣਾਂ 'ਚ 10 ਫ਼ੀਸਦੀ ਕਟੌਤੀ ਦੇ ਹੁਕਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।