ਸਤਪਾਲ ਸਿੰਘ ਜੌਹਲ
ਟੋਰਾਂਟੋ, 8 ਦਸੰਬਰ-ਕੈਨੇਡਾ ਵਿਚ ਬੀਤੇ ਕੁਝ ਸਾਲਾਂ ਤੋਂ ਗੈਂਗਸਟਰਾਂ ਵਲੋਂ ਕਾਰੋਬਾਰੀਆਂ ਤੋਂ ਫਿਰੌਤੀਆਂ ਮੰਗਣ, ਨੁਕਸਾਨ ਪਹੁੰਚਾਉਣ ਦੀਆਂ ਧਮਕੀਆਂ ਦੇਣ, ਕਾਰੋਬਾਰਾਂ ਅਤੇ ਘਰਾਂ ਉੱਪਰ ਗੋਲੀਆਂ ਚਲਾਉਣ ਅਤੇ ਕਤਲ ਕਰਨ ਤੱਕ ਦੀਆਂ ਵਾਰਦਾਤਾਂ ਵਾਪਰਨ ਤੋਂ ਬਣੇ ਹੋਏ ਦਹਿਸ਼ਤੀ ਹਾਲਾਤਾਂ ਦੇ ਮੱਦੇਨਜ਼ਰ ਵਰਲਡ ਸਿੱਖ ਆਰਗੇਨਾਈਜੇਸ਼ਨ, ਉਂਟਾਰੀਓ ਗੁਰਦੁਆਰਾ ਕਮੇਟੀ ਅਤੇ ਸਿੱਖ ਫੈਡਰੇਸ਼ਨ ਬੀ.ਸੀ. ਵਲੋਂ ਸਾਂਝੇ ਤੌਰ 'ਤੇ ਵਿਸ਼ੇਸ਼ ਮੀਟਿੰਗਾਂ ਕੀਤੀਆਂ ਗਈਆਂ | ਇਸ ਲੜੀ ਵਿਚ ਪਹਿਲੀ ਮੀਟਿੰਗ ਬੀਤੇ ਕੱਲ੍ਹ ਬਰੈਂਪਟਨ ਵਿਖੇ ਹੋਈ | ਉਸ ਮੌਕੇ ਹੋਰ ਆਗੂਆਂ ਦੇ ਨਾਲ਼ ਪੀਲ ਪੁਲਿਸ ਦੇ ਮੁਖੀ ਨਿਸ਼ਾਨ ਦਰਾਈਪ੍ਹਾ, ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ, ਉਂਟਾਰੀਓ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੀ 'ਮੇਰਟ ਸਟਾਈਲਜ਼, ਸੰਸਦ ਮੈਂਬਰ ਅਮਨਦੀਪ ਸੋਢੀ, ਸੋਨੀਆ, ਸਿੱਧੂ ਅਤੇ ਸੈਕਟਰੀ ਆਫ ਸਟੇਟ ਰੂਬੀ ਸਹੋਤਾ ਨੇ ਮੁੱਖ ਤੌਰ 'ਤੇ ਸ਼ਮੂਲੀਅਤ ਕੀਤੀ | ਇਸ ਮੀਟਿੰਗ ਵਿਚ ਧਮਕੀਆਂ ਦਾ ਸ਼ਿਕਾਰ ਹੋਏ ਵਿਅਕਤੀਆਂ ਦੇ ਕੁਝ ਪਰਿਵਾਰ ਵੀ ਹਾਜ਼ਰ ਹੋਏ ਅਤੇ ਲੋਕਾਂ ਨੂੰ ਵੀ ਆਪਣੇ ਸਵਾਲ ਪੁੱਛਣ ਦਾ ਮੌਕਾ ਦਿੱਤਾ ਗਿਆ | ਚਰਚਾ ਦੌਰਾਨ ਭਾਰਤ ਸਰਕਾਰ, ਕੈਨੇਡਾ ਸਰਕਾਰ ਅਤੇ ਬਿਸ਼ਨੋਈ ਗੈਂਗ ਦਾ ਵਾਰ-ਵਾਰ ਜ਼ਿਕਰ ਹੁੰਦਾ ਰਿਹਾ | ਜਿੱਥੇ ਕੈਨੇਡਾ ਸਰਕਾਰ ਦੀ ਢਿੱਲੀ ਕਾਰਗੁਜ਼ਾਰੀ ਤੋਂ ਨਿਰਾਸ਼ ਲੋਕਾਂ ਵਲੋਂ ਕੈਨੇਡਾ ਵਲੋਂ ਭਾਰਤ ਸਰਕਾਰ ਅੱਗੇ ਗੋਡੇ ਟੇਕਣ, ਹਾਲਾਤ ਉੱਪਰ ਪਰਦੇ ਪਾਉਣ, ਲੋਕਾਂ ਦੀ ਸੁਰੱਖਿਆ ਨਾਲੋਂ ਵਪਾਰ ਨੂੰ ਵੱਧ ਮਹੱਤਵ ਦੇਣ, ਬਿਸ਼ਨੋਈ ਗੈਂਗ ਨੂੰ ਹੁਕਮ ਭਾਰਤ ਸਰਕਾਰ ਤੋਂ ਮਿਲਣ, ਬੇਬੱਸ ਪੁਲਿਸ, ਆਦਿ ਗੱਲਾਂ ਕੀਤੀਆਂ ਗਈਆਂ, ਉੱਥੇ ਹਾਜ਼ਰ ਅਧਿਕਾਰੀਆਂ ਨੇ ਆਖਿਆ ਕਿ ਕੈਨੇਡਾ ਸਰਕਾਰ ਵਲੋਂ ਅਜਿਹੀਆਂ ਘਟਨਾਵਾਂ ਰੋਕਣ ਲਈ ਮੁਸਤੈਦੀ ਨਾਲ਼ ਕੰਮ ਕੀਤਾ ਗਿਆ ਹੈ ਤੇ ਕਈ ਮਾਮਲਿਆਂ ਦੀ ਜਾਂਚ ਅਜੇ ਜਾਰੀ ਹੈ | ਪੁਲਿਸ ਮੁਖੀ ਦਰਾਈਪ੍ਹਾ ਨੇ ਦੱਸਿਆ ਕਿ ਬਰੈਂਪਟਨ ਅਤੇ ਮਿਸੀਸਾਗਾ ਵਿਚ ਫਿਰੌਤੀਆਂ ਦੇ 267 ਮਾਮਲੇ ਸਾਹਮਣੇ ਆਏ ਹਨ ਅਤੇ ਪੀਲ ਪੁਲ਼ਿਸ ਦੀ ਵਿਸ਼ੇਸ਼ ਟਾਸਕ ਫੋਰਸ ਹਰੇਕ ਕੇਸ ਨੂੰ ਗੰਭੀਰਤਾ ਨਾਲ਼ ਲੈਂਦੀ ਹੈ | ਬੀਬੀ ਸਹੋਤਾ ਨੇ ਕੈਨੇਡਾ ਸਰਕਾਰ ਦਾ ਪੱਖ ਲੈਂਦਿਆਂ ਹਾਜ਼ਰ ਲੋਕਾਂ ਨੂੰ ਆਖਿਆ ਕਿ ਸਾਨੂੰ ਨੀਤੀ ਘਾੜੇ (ਵਿਧਾਨਕਾਰ) ਅਤੇ ਜਾਂਚ ਅਧਿਕਾਰੀਆਂ ਵਿਚ ਫਰਕ ਸਮਝਣ ਦੀ ਲੋੜ ਹੈ ਤੇ ਅਜਿਹੇ ਮਾਮਲਿਆਂ ਵਿਚ ਸਾਰੀ ਜਾਣਕਾਰੀ ਜਨਤਕ ਨਹੀਂ ਕੀਤੀ ਜਾ ਸਕਦੀ | ਉਨ੍ਹਾਂ ਆਖਿਆ ਕਿ ਦੇਸ਼ ਦੇ ਕਿ੍ਮੀਨਲ ਕੋਡ ਵਿਚ 80 ਤਬਦੀਲੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਅਮਨ ਕਾਨੂੰਨ ਕਾਇਮ ਰੱਖਣ ਲਈ ਬਿੱਲ ਸੀ-2, ਸੀ-12 ਅਤੇ ਸੀ-14 ਸੰਸਦ ਵਿਚ ਹਨ, ਜਿਨ੍ਹਾਂ ਨੂੰ ਪਾਸ ਕਰਨ ਲਈ ਵਿਰੋਧੀ ਧਿਰ ਦੇ ਸਹਿਯੋਗ ਦੀ ਲੋੜ ਹੈ | ਇਹ ਵੀ ਕਿ ਹੋਰ ਪੁਲਿਸ ਅਫਸਰ ਵੀ ਭਰਤੀ ਕੀਤੇ ਜਾ ਰਹੇ ਹਨ | ਉਨ੍ਹਾਂ ਦੇ ਸਾਥੀ ਸੰਸਦ ਮੈਂਬਰਾਂ ਨੇ ਵੀ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ | ਕੁਝ ਭਰੇ-ਪੀਤੇ ਲੋਕਾਂ ਵਲੋਂ ਤਿੱਖੇ ਹੁੰਦੇ ਜਾ ਰਹੇ ਸਵਾਲਾਂ ਦੌਰਾਨ ਬੀਬੀ ਸਹੋਤਾ ਨੇ ਅਚਾਨਕ ਸਭ ਦਾ ਧੰਨਵਾਦ ਕਰਕੇ ਮੀਟਿੰਗ ਸਮਾਪਤੀ ਦੀ ਗੱਲ ਆਖਣੀ ਸ਼ੁਰੂ ਕਰ ਦਿੱਤੀ | ਇਸ ਮੀਟਿੰਗ ਦੇ ਪ੍ਰਬੰਧਕਾਂ ਵਲੋਂ ਬਲਪ੍ਰੀਤ ਸਿੰਘ ਨੇ ਕਿਹਾ ਕਿ ਬਰੈਂਪਟਨ ਦੀ ਇਸ ਮੀਟਿੰਗ ਤੋਂ ਬਾਅਦ ਹੁਣ 13 ਅਤੇ 14 ਦਸੰਬਰ ਨੂੰ ਇਸੇ ਤਰ੍ਹਾਂ ਦੀਆਂ ਮੀਟਿੰਗਾਂ ਕੈਲਗਰੀ ਅਤੇ ਸਰੀ ਵਿਚ ਕੀਤੀਆਂ ਜਾਣਗੀਆਂ |
ਕੈਨੇਡਾ 'ਚ ਫਿਰੌਤੀਆਂ ਤੇ ਕਤਲ ਦੀਆਂ ਧਮਕੀਆਂ ਦੇ ਵਧ ਰਹੇ ਮਾਮਲਿਆਂ ਕਾਰਨ ਵਿਸ਼ੇਸ਼ ਮੀਟਿੰਗ <br/>
ਅਜੀਤ ਡੈਸਕ
09-12-2025