ਨਵੀਂ ਦਿੱਲੀ, 4 ਦਸੰਬਰ (ਉਪਮਾ ਡਾਗਾ ਪਾਰਥ)-ਡਾਲਰ ਦੇ ਮੁਕਾਬਲੇ ਰੁਪਏ ਦੀ ਲਗਾਤਾਰ ਕਮਜ਼ੋਰ ਹੁੰਦੀ ਸਥਿਤੀ ਨੂੰ ਲੈ ਕੇ ਵਿਰੋਧੀ ਧਿਰ ਕਾਂਗਰਸ ਨੇ ਸਰਕਾਰ ਨੂੰ ਨਿਸ਼ਾਨੇ 'ਤੇ ਲੈਂਦਿਆਂ ਕਿਹਾ ਕਿ ਜੇਕਰ ਸਰਕਾਰ ਦੀ ਨੀਤੀ ਚੰਗੀ ਹੁੰਦੀ ਤਾਂ ਰੁਪਏ ਦੀ ਕੀਮਤ ਵਧਦੀ | ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਨੇ ਕੇਂਦਰ 'ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਰੁਪਏ ਦੀ ਡਿਗਦੀ ਕੀਮਤ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਦੇਸ਼ ਦੀ ਆਰਥਿਕ ਸਥਿਤੀ ਚੰਗੀ ਨਹੀਂ ਹੈ | ਖੜਗੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਕ ਪੁਰਾਣੇ ਬਿਆਨ ਦਾ ਹਵਾਲਾ ਦਿੰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਜਵਾਬ ਦੇਣਾ ਹੋਵੇਗਾ ਕਿ ਰੁਪਈਆ ਕਮਜ਼ੋਰ ਕਿਉਂ ਹੁੰਦਾ ਜਾ ਰਿਹਾ ਹੈ | ਵਿਰੋਧੀ ਧਿਰਾਂ ਵਲੋਂ ਸਰਕਾਰ ਦੇ ਖ਼ਿਲਾਫ਼ ਇਹ ਤਿੱਖੇ ਤੇਵਰ ਉਸ ਵੇਲੇ ਸਾਹਮਣੇ ਆਏ ਜਦੋਂ ਬੁੱਧਵਾਰ ਨੂੰ ਪਹਿਲੀ ਵਾਰ ਡਾਲਰ ਦੇ ਮੁਕਾਬਲੇ ਰੁਪਈਆ 90 ਦਾ ਪੱਧਰ ਪਾਰ ਕਰਕੇ 90.15 ਦੇ ਨਵੇਂ ਸਭ ਤੋਂ ਹੇਠਲੇ ਪੱਧਰ 'ਤੇ ਬੰਦ ਹੋਇਆ ਸੀ | ਖੜਗੇ ਨੇ ਸੰਸਦ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਰੁਪਏ ਦੇ ਕਮਜ਼ੋਰ ਹੋਣ ਨਾਲ ਪਤਾ ਲਗਦਾ ਹੈ ਕਿ ਸਾਡੀ ਆਰਥਿਕ ਸਥਿਤੀ ਠੀਕ ਨਹੀਂ ਹੈ | ਕਾਂਗਰਸ ਪ੍ਰਧਾਨ ਨੇ ਕਿਹਾ ਕਿ ਸਾਲ 2014 ਤੋਂ ਪਹਿਲਾਂ ਮੋਦੀ ਜੀ ਨੇ ਕਿਹਾ ਸੀ ਕਿ ਕੀ ਕਾਰਨ ਹੈ ਹਿੰਦੁਸਤਾਨ ਦਾ ਰੁਪਈਆ ਪਤਲਾ ਹੁੰਦਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਮੋਦੀ ਜੀ ਅੱਜ ਅਸੀਂ ਇਹੀ ਸਵਾਲ ਪੁੱਛ ਰਹੇ ਹਾਂ | ਤੁਹਾਨੂੰ ਜਵਾਬ ਦੇਣਾ ਪਵੇਗਾ |
ਰੁਪਏ ਦੀ ਕੀਮਤ ਹੁਣ ਪੀ. ਐਮ. ਦੀ ਉਮਰ ਦੇ ਪਾਰ-ਮਨੀਸ਼ ਤਿਵਾੜੀ
ਕਾਂਗਰਸੀ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਵੀ ਪੁਰਾਣੇ ਸਮੇਂ 'ਚ ਭਾਜਪਾ ਨੇਤਾਵਾਂ ਵਲੋਂ ਦਿੱਤੇ ਬਿਆਨਾਂ ਦੇ ਹਵਾਲੇ ਨਾਲ ਮੌਜੂਦਾ ਸਰਕਾਰ 'ਤੇ ਤਨਜ਼ ਕੱਸਦਿਆਂ ਕਿਹਾ ਕਿ ਰੁਪਏ ਦੀ ਵਟਾਂਦਰਾ ਦਰ ਹੁਣ ਪੀ. ਐਮ. ਦੀ ਉਮਰ ਦੇ ਪਾਰ ਹੋ ਗਈ ਹੈ | ਤਿਵਾੜੀ ਨੇ ਕਿਹਾ ਕਿ 2013 'ਚ ਭਾਜਪਾ ਦੇ ਬੁਲਾਰੇ ਰਵੀਸ਼ੰਕਰ ਪ੍ਰਸਾਦ ਨੇ ਕਿਹਾ ਸੀ ਕਿ ਜਦੋਂ ਯੂ. ਪੀ. ਏ. ਸੱਤਾ 'ਚ ਆਈ ਸੀ ਉਸ ਵੇਲੇ ਰੁਪਏ ਦੀ ਵਟਾਂਦਰਾ ਦਰ ਰਾਹੁਲ ਗਾਂਧੀ ਦੀ ਉਮਰ ਦੇ ਬਰਾਬਰ ਸੀ ਅਤੇ ਹੁਣ ਇਹ ਸੋਨੀਆ ਗਾਂਧੀ ਦੀ ਉਮਰ ਨੂੰ ਵੀ ਪਾਰ ਕਰ ਗਿਆ ਹੈ ਅਤੇ ਛੇਤੀ ਹੀ ਮਨਮੋਹਨ ਸਿੰਘ ਦੀ ਉਮਰ ਨੂੰ ਪਾਰ ਕਰ ਜਾਵੇਗਾ |
ਪਿ੍ਅੰਕਾ ਗਾਂਧੀ ਨੇ ਉਠਾਏ ਸਵਾਲ
ਕਾਂਗਰਸ ਜਨਰਲ ਸਕੱਤਰ ਪਿ੍ਅੰਕਾ ਗਾਂਧੀ ਨੇ ਰੁਪਏ ਦੀ ਕੀਮਤ 'ਚ ਗਿਰਾਵਟ 'ਤੇ ਕੇਂਦਰ 'ਤੇ ਤਨਜ਼ ਕੱਸਦਿਆਂ ਕਿਹਾ ਕਿ ਮਨਮੋਹਨ ਸਿੰਘ ਜੀ ਦੇ ਸਮੇਂ ਇਹ ਲੋਕ ਰੁਪਏ ਨੂੰ ਲੈ ਕੇ ਕੀ ਕੀ ਕਹਿੰਦੇ ਸਨ, ਅੱਜ ਰੁਪਏ ਦੇ ਹਾਲ 'ਤੇ ਕੀ ਜਵਾਬ ਦੇਣਗੇ |
ਸਰਕਾਰ ਦੀਆਂ ਨੀਤੀਆਂ ਕਾਰਨ ਕਮਜ਼ੋਰ ਹੋਇਆ ਰੁਪਈਆ-ਖੜਗੇ
ਅਜੀਤ ਡੈਸਕ
05-12-2025