ਨਵੀਂ ਦਿੱਲੀ, 3 ਦਸੰਬਰ (ਉਪਮਾ ਡਾਗਾ ਪਾਰਥ)-ਚੰਡੀਗੜ੍ਹ ਤੋਂ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਸ਼ਹਿਰ ਦੇ ਵਸਨੀਕਾਂ ਦੇ ਅਧਿਕਾਰਾਂ ਨਾਲ ਸੰਬੰਧਿਤ 5 ਮੁੱਖ ਮੁੱਦੇ ਲੋਕ ਸਭਾ 'ਚ ਉਠਾਉਂਦਿਆਂ ਮੰਗ ਕੀਤੀ ਕਿ 12 ਦਸੰਬਰ ਨੂੰ ਗ੍ਰਹਿ ਮੰਤਰਾਲੇ ਦੀ ਪ੍ਰਸਤਾਵਿਤ ਮੀਟਿੰਗ 'ਚ ਇਨ੍ਹਾਂ ਸਾਰੇ ਮੁੱਦਿਆਂ ਦਾ ਠੋਸ ਹੱਲ ਲੱਭਿਆ ਜਾਵੇ, ਤਾਂ ਜੋ ਲੋਕਾਂ ਨੂੰ ਸਥਾਈ ਰਾਹਤ ਮਿਲ ਸਕੇ | ਤਿਵਾੜੀ ਨੇੇ ਲੋਕ ਸਭਾ 'ਚ ਸਿਫ਼ਰ ਕਾਲ 'ਚ ਬੋਲਦਿਆਂ ਚੰਡੀਗੜ੍ਹ ਨਾਲ ਸੰਬੰਧਿਤ ਕਈ ਮੁੱਦੇ ਚੁੱਕੇ, ਜਿਨ੍ਹਾਂ 'ਚ ਸ਼ੇਅਰ ਵਾਈਜ਼ ਜਾਇਦਾਦ ਤੇ ਵਿਕਰੀ 'ਤੇ ਪਾਬੰਦੀ ਹਟਾਉਣ, ਰਾਹਤ ਅਤੇ ਮੁੜ ਵਸੇਬਾ ਕਾਲੋਨੀਆਂ ਦੇ ਲੋਕਾਂ ਨੂੰ ਮਾਲਕਾਣਾ ਹੱਕ, ਲਾਲ ਡੋਰਾ ਹਟਾਉਣ, ਚੰਡੀਗੜ੍ਹ ਹਾਊਸਿੰਗ ਬੋਰਡ ਦੇ ਘਰਾਂ 'ਚ ਬਦਲਾਵਾਂ ਨੂੰ ਨਿਯਮਿਤ ਕਰਨ ਅਤੇ ਕਈ ਕੋਆਪ੍ਰੇਟਿਵ ਸੁਸਾਇਟੀਆਂ ਦੇ ਬਕਾਇਆ ਮਾਮਲੇ ਸ਼ਾਮਿਲ ਸਨ |