07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਰੂਸ ਦੇ ਰਾਸ਼ਟਰਪਤੀ ਪੁਤਿਨ ਦਾ ਦੋ ਦਿਨਾ ਭਾਰਤ ਦੌਰਾ ਅੱਜ ਤੋਂ

ਅਜੀਤ ਡੈਸਕ 04-12-2025

7 ਪਰਤੀ ਸੁਰੱਖਿਆ ਘੇਰਾ ਸਥਾਪਤ
ਨਵੀਂ ਦਿੱਲੀ, 3 ਦਸੰਬਰ (ਏਜੰਸੀ)-ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੋ ਦਿਨਾਂ ਦੌਰੇ (4 ਤੇ 5 ਦਸਬੰਰ) 'ਤੇ ਭਾਰਤ ਆ ਰਹੇ ਹਨ, ਜਿਸ ਦੇ ਮੱਦੇਨਜ਼ਰ ਕੌਮੀ ਰਾਜਧਾਨੀ ਦਿੱਲੀ 'ਚ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ | ਰੂਸ-ਯੂਕਰੇਨ ਜੰਗ ਦੇ ਵਿਚਕਾਰ ਇਹ ਉਨ੍ਹਾਂ ਦੀ ਪਹਿਲੀ ਭਾਰਤ ਯਾਤਰਾ ਹੋਵੇਗੀ | ਇਸ ਤੋਂ ਪਹਿਲਾਂ ਉਹ ਸਾਲ 2021 'ਚ ਦਿੱਲੀ ਆਏ ਸਨ | ਪੁਤਿਨ ਵਲੋਂ ਇਹ ਦੌਰਾ ਭਾਰਤ-ਰੂਸ ਵਿਚਕਾਰ ਰਣਨੀਤਿਕ ਸਾਂਝੇਦਾਰੀ ਦੇ 25 ਸਾਲ ਪੂਰੇ ਹੋਣ ਦੇ ਮੌਕੇ ਕੀਤਾ ਜਾ ਰਿਹਾ ਹੈ | ਉਹ ਰੂਸ-ਭਾਰਤ ਸ਼ਿਖਰ ਸੰਮੇਲਨ 'ਚ ਹਿੱਸਾ ਲੈਣਗੇ, ਜੋ 23ਵਾਂ ਦੁਵੱਲਾ ਸ਼ਿਖਰ ਸੰਮੇਲਨ ਹੋਵੇਗਾ | ਇਸ ਸੰਮੇਲਨ 'ਤੇ ਦੋ ਦੇਸ਼ਾਂ ਹੀ ਨਹੀਂ ਪੂਰੀ ਦੁਨੀਆ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ | ਪੁਤਿਨ ਕਰੀਬ 30 ਘੰਟੇ ਭਾਰਤ 'ਚ ਬਿਤਾਉਣਗੇ | ਰੂਸੀ ਰਾਸ਼ਟਰਪਤੀ 4 ਦਸੰਬਰ ਸ਼ਾਮ ਕਰੀਬ 6 ਵਜੇ ਨਵੀਂ ਦਿੱਲੀ ਪਹੁੰਚਣਗੇ, ਜਿਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਨ੍ਹਾਂ ਦੀ ਮੇਜ਼ਬਾਨੀ ਕਰਨਗੇ | ਉਪਰੰਤ ਉਨ੍ਹਾਂ ਦੀਆਂ ਕੁਝ ਮਹੱਤਵਪੂਰਨ ਮੀਟਿੰਗਾਂ ਹੋਣਗੀਆਂ | ਇਸ ਤੋਂ ਇਲਾਵਾ ਮੋਦੀ ਦੇ ਨਾਲ ਨਿੱਜੀ ਤੌਰ 'ਤੇ ਰਾਤਰੀ ਭੋਜ ਅਤੇ ਹੋਰ ਨਿੱਜੀ ਪ੍ਰੋਗਰਾਮ ਸ਼ਾਮਿਲ ਹੋਣਗੇ | ਦੂਜੇ ਪਾਸੇ, ਰੂਸੀ ਰਾਸ਼ਟਰਪਤੀ ਦੀ ਸੁਰੱਖਿਆ ਲਈ ਸੱਤ ਪਰਤੀ ਸੁਰੱਖਿਆ ਗਰਿੱਡ ਸਥਾਪਤ ਕੀਤਾ ਗਿਆ ਹੈ | ਰੂਸੀ ਖੁਫ਼ੀਆ ਤੇ ਸੁਰੱਖਿਆ ਏਜੰਸੀਆਂ ਦੀਆਂ ਟੀਮਾਂ ਪਹਿਲਾਂ ਹੀ ਦਿੱਲੀ ਪਹੁੰਚ ਚੁੱਕੀਆਂ ਹਨ ਅਤੇ ਉਨ੍ਹਾਂ ਦੇ ਯਾਤਰਾ ਪ੍ਰੋਗਰਾਮ ਦੇ ਹਰ ਪਹਿਲੂ ਨੂੰ ਸੁਰੱਖਿਆ ਵਿਚਾਰਾਂ ਨੂੰ ਧਿਆਨ 'ਚ ਰੱਖ ਕੇ ਅੰਤਿਮ ਰੂਪ ਦਿੱਤਾ ਗਿਆ ਹੈ | ਰੂਸੀ ਰਾਸ਼ਟਰਪਤੀ ਦੇ ਨਿਵਾਸ ਸਥਾਨ 'ਤੇ ਸੁਰੱਖਿਆ ਤਾਇਨਾਤੀ 'ਚ ਤਿੰਨ ਮੁੱਖ ਪਰਤਾਂ ਸ਼ਾਮਿਲ ਹੋਣਗੀਆਂ | ਅੰਦਰੂਨੀ ਸੁਰੱਖਿਆ ਰਿੰਗ ਦਾ ਪ੍ਰਬੰਧਨ ਰੂਸੀ ਏਜੰਸੀਆਂ ਵਲੋਂ ਕੀਤਾ ਜਾਵੇਗਾ, ਜਦੋਂ ਕਿ ਬਾਹਰੀ ਪਰਤਾਂ ਦੀ ਸੁਰੱਖਿਆ ਦਿੱਲੀ ਪੁਲਿਸ ਦੇ ਵਿਸ਼ੇਸ਼ ਕਮਾਂਡੋ ਅਤੇ ਹੋਰ ਭਾਰਤੀ ਸੁਰੱਖਿਆ ਏਜੰਸੀਆਂ ਵਲੋਂ ਕੀਤੀ ਜਾਵੇਗੀ | ਦਿੱਲੀ ਪੁਲਿਸ ਦੀਆਂ ਸਵੈਟ ਟੀਮਾਂ, ਅੱਤਵਾਦ ਵਿਰੋਧੀ ਦਸਤੇ ਅਤੇ ਕੁਇੱਕ ਰਿਐਕਸ਼ਨ ਟੀਮਾਂ (ਕਿਊ.ਆਰ.ਟੀ.) ਨੂੰ ਸ਼ਹਿਰ ਭਰ ਦੇ ਸੰਵੇਦਨਸ਼ੀਲ ਸਥਾਨਾਂ 'ਤੇ ਤਾਇਨਾਤ ਕੀਤਾ ਗਿਆ ਹੈ |

ਪਿਛਲੀ ਖ਼ਬਰ ਗੋਬਿੰਦ ਸਾਗਰ ਝੀਲ ਦੀ ਡੀ-ਸਿਲਟਿੰਗ ਨੂੰ ਕੇਂਦਰ ਦੀ ਹਰੀ ਝੰਡੀ-ਜਨਵਰੀ 'ਚ ਸ਼ੁਰੂ ਹੋ ਸਕਦੈ ਕੰਮ ਅਗਲੀ ਖ਼ਬਰ ਲੋਕ ਸਭਾ 'ਚ ਗੂੰਜਿਆ ਪੰਜਾਬ ਦੇ ਹੜ੍ਹਾਂ ਦਾ ਮੁੱਦਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।