08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਛੱਤੀਸਗੜ੍ਹ 'ਚ ਮੁਕਾਬਲੇ ਦੌਰਾਨ 12 ਨਕਸਲੀ ਹਲਾਕ-3 ਜਵਾਨ ਸ਼ਹੀਦ

ਅਜੀਤ ਡੈਸਕ 04-12-2025
ਬੀਜਾਪੁਰ, 3 ਦਸੰਬਰ (ਪੀ. ਟੀ. ਆਈ.)-ਛੱਤੀਸਗੜ੍ਹ ਦੇ ਜ਼ਿਲ੍ਹਾ ਬੀਜਾਪੁਰ 'ਚ ਬੁੱਧਵਾਰ ਨੂੰ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ 'ਚ 12 ਨਕਸਲੀ ਮਾਰੇ ਗਏ, ਜਦੋਂਕਿ ਪੁਲਿਸ ਦੇ ਜ਼ਿਲ੍ਹਾ ਰਿਜ਼ਰਵ ਗਾਰਡ (ਡੀ.ਆਰ.ਜੀ.) ਦੇ 3 ਜਵਾਨ ਸ਼ਹੀਦ ਅਤੇ ਦੋ ਹੋਰ ਜ਼ਖ਼ਮੀ ਹੋ ਗਏ | ਇੰਸਪੈਕਟਰ ਜਨਰਲ ਆਫ਼ ਪੁਲਿਸ (ਬਸਤਰ ਰੇਂਜ) ਸੁੰਦਰਰਾਜ ਪੱਟੀਲਿੰਗਮ ਨੇ ਦੱਸਿਆ ਕਿ ਹੁਣ ਤੱਕ ਮੁਕਾਬਲੇ ਵਾਲੀ ਥਾਂ ਤੋਂ 12 ਨਕਸਲੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ | ਇਸ ਤੋਂ ਇਲਾਵਾ ਸਿੰਗਲ ਲੋਡਿੰਗ ਰਾਈਫਲਾਂ (ਐਸ.ਐਲ.ਆਰਜ਼), .303 ਬੰਦੂਕਾਂ ਹੋਰ ਹਥਿਆਰ ਤੇ ਗੋਲਾ ਬਾਰੂਦ ਮੌਕੇ ਤੋਂ ਬਰਾਮਦ ਕੀਤੇ ਗਏ ਹਨ | ਉਨ੍ਹਾਂ ਦੱਸਿਆ ਕਿ ਸ਼ਹੀਦ ਹੋਏ ਡੀ.ਆਰ.ਜੀ. ਬੀਜਾਪੁਰ ਨਾਲ ਸੰਬੰਧਿਤ ਜਵਾਨਾਂ ਦੀ ਸ਼ਨਾਖਤ ਹੈੱਡ ਕਾਂਸਟੇਬਲ ਮੋਨੂ ਵਡਾੜੀ, ਕਾਂਸਟੇਬਲ ਡੁਕਰੂ ਗੋਂਡੇ ਤੇ ਰਮੇਸ਼ ਸੋਢੀ ਵਜੋਂ ਹੋਈ ਹੈ | ਆਈ.ਜੀ.ਪੀ. ਨੇ ਕਿਹਾ ਕਿ ਮੁਕਾਬਲਾ ਜ਼ਿਲ੍ਹਾ ਦਾਂਤੇਵਾੜਾ ਨਾਲ ਲੱਗਦੇ ਗੰਗਲੂਰ ਖੇਤਰ ਦੇ ਜੰਗਲ 'ਚ ਉਸ ਸਮੇਂ ਸ਼ੁਰੂ ਹੋਇਆ, ਜਦੋਂ ਸੁਰੱਖਿਆ ਬਲਾਂ ਦੀ ਇਕ ਸਾਂਝੀ ਟੀਮ ਨਕਸਲ ਵਿਰੋਧੀ ਕਾਰਵਾਈ 'ਤੇ ਨਿਕਲ ਰਹੀ ਸੀ | ਉਨ੍ਹਾਂ ਕਿਹਾ ਕਿ ਡੀ.ਆਰ.ਜੀ. ਅਤੇ ਸਪੈਸ਼ਲ ਟਾਸਕ ਫੋਰਸ, ਰਾਜ ਪੁਲਿਸ ਦੀਆਂ ਦੋਵੇਂ ਇਕਾਈਆਂ ਅਤੇ ਕੋਬਰਾ (ਕਮਾਂਡੋ ਬਟਾਲੀਅਨ ਫਾਰ ਰੈਜ਼ੋਲਿਊਟ ਐਕਸ਼ਨ-ਸੀ.ਆਰ.ਪੀ.ਐਫ. ਦੀ ਇਕ ਵਿਸ਼ੇਸ਼ ਇਕਾਈ) ਦੇ ਜਵਾਨ ਇਸ ਕਾਰਵਾਈ 'ਚ ਸ਼ਾਮਿਲ ਹਨ | ਇਸ ਸਾਲ ਛੱਤੀਸਗੜ੍ਹ 'ਚ ਹੁਣ ਤੱਕ ਹੋਏ ਮੁਕਾਬਲਿਆਂ 'ਚ 275 ਨਕਸਲੀ ਮਾਰੇ ਜਾ ਚੁੱਕੇ ਹਨ | ਇਨ੍ਹਾਂ 'ਚੋਂ ਬਸਤਰ ਡਿਵੀਜ਼ਨ 'ਚ 246 ਨਕਸਲੀ ਮਾਰੇ ਗਏ, ਜਿਸ 'ਚ ਬੀਜਾਪੁਰ ਤੇ ਦਾਂਤੇਵਾੜਾ ਸਮੇਤ ਸੱਤ ਜ਼ਿਲ੍ਹੇ ਸ਼ਾਮਿਲ ਹਨ, ਜਦੋਂਕਿ 27 ਹੋਰਾਂ ਨੂੰ ਜ਼ਿਲ੍ਹਾ ਗਰੀਆਬੰਦ 'ਚ ਮਾਰ ਦਿੱਤਾ ਗਿਆ, ਜੋ ਕਿ ਰਾਏਪੁਰ ਡਿਵੀਜ਼ਨ 'ਚ ਆਉਂਦਾ ਹੈ | ਇਸ ਦੌਰਾਨ ਦੁਰਗ ਡਿਵੀਜ਼ਨ ਦੇ ਮੋਹਲਾ-ਮਾਨਪੁਰ-ਅੰਬਾਗੜ੍ਹ ਚੌਕੀ ਜ਼ਿਲ੍ਹੇ 'ਚ ਦੋ ਨਕਸਲੀ ਮਾਰੇ ਗਏ | ਕੇਂਦਰ ਨੇ ਨਕਸਲਵਾਦ ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ 31 ਮਾਰਚ, 2026 ਦੀ ਸਮਾਂ ਹੱਦ ਨਿਰਧਾਰਤ ਕੀਤੀ ਹੈ |

ਪਿਛਲੀ ਖ਼ਬਰ ਜਨਤਕ ਤੌਰ 'ਤੇ ਦਿੱਤੀ ਮੌਤ ਦੀ ਸਜ਼ਾ<br> ਅਫ਼ਗਾਨਿਸਤਾਨ 'ਚ 13 ਸਾਲਾ ਲੜਕੇ ਕੋਲੋਂ ਦੋਸ਼ੀ ਨੂੰ ਮਰਵਾਈ ਗੋਲੀ ਅਗਲੀ ਖ਼ਬਰ ਰੇਲਵੇ ਜਲਦ ਹੀ ਤਤਕਾਲ ਟਿਕਟਾਂ ਲਈ ਓ.ਟੀ.ਪੀ. ਕਰੇਗਾ ਲਾਜ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।