ਕੇਵਲ ਸਿੰਗਲਾ
ਮੂਨਕ, 21 ਅਕਤੂਬਰ-ਸੂਬੇ 'ਚ ਝੋਨੇ ਦੀ ਖ਼ਰੀਦ ਸ਼ੁਰੂ ਹੋਏ ਨੂੰ ਇੱਕ ਮਹੀਨੇ ਤੋਂ ਉੱਪਰ ਹੋ ਚੁੱਕਾ ਹੈ ਪਰ ਅਜੇ ਤੱਕ ਝੋਨੇ ਦੀ ਖ਼ਰੀਦ ਦੇ ਮਿਥੇ ਗਏ ਟੀਚੇ ਦਾ 26 ਫ਼ੀਸਦੀ ਹੀ ਝੋਨੇ ਖ਼ਰੀਦ ਹੋਈ ਹੈ | ਸੂਬਾ ਸਰਕਾਰ ਨੇ ਇਸ ਸਾਲ 172 ਲੱਖ ਮੀਟਰਕ ਟਨ ਝੋਨੇ ਦੀ ਖ਼ਰੀਦ ਦਾ ਟੀਚਾ ਰੱਖਿਆ ਸੀ ਪਰ ਸਨਿਚਰਵਾਰ ਤੱਕ 44.22 ਲੱਖ ਮੀਟਰਕ ਟਨ ਝੋਨੇ ਦੀ ਆਮਦ ਹੋਈ ਹੈ, ਜਿਸ ਵਿਚੋਂ 42.44 ਲੱਖ ਮੀਟਰਕ ਖ਼ਰੀਦ ਕੀਤੀ ਗਈ ਹੈ, ਜੋ ਕਿ ਰੱਖੇ ਗਏ ਟੀਚੇ ਦਾ 26 ਫ਼ੀਸਦੀ ਦੇ ਕਰੀਬ ਹੀ ਬਣਦਾ ਹੈ | ਭਾਵੇਂ ਆਉਣ ਵਾਲੇ ਦਿਨਾਂ 'ਚ ਝੋਨੇ ਦੀ ਖ਼ਰੀਦ 'ਚ ਤੇਜ਼ੀ ਵੇਖਣ ਨੂੰ ਮਿਲ ਸਕਦੀ ਹੈ ਪਰ ਝੋਨੇ ਦੀ ਖ਼ਰੀਦ ਦੇ ਰੱਖੇ ਗਏ ਟੀਚੇ ਨੂੰ ਪੂਰਾ ਕਰਨਾ ਮੁਸ਼ਕਿਲ ਹੀ ਨਹੀਂ ਹੈ ਸਗੋਂ ਨਾਮੁਮਕਿਨ ਹੈ | ਹੜ੍ਹਾਂ ਦੀ ਮਾਰ, ਚੀਨੀ ਵਾਇਰਸ ਮਧਰੇ ਬੂਟੇ ਦੀ ਬਿਮਾਰੀ ਤੋਂ ਇਲਾਵਾ ਬੇਵਕਤੀ ਬਰਸਾਤ ਤੇ ਲੋੜ ਤੋਂ ਵੱਧ ਗਰਮੀ ਨੇ ਝੋਨੇ ਦੀ ਫ਼ਸਲ ਦੇ ਝਾੜ ਨੂੰ ਪ੍ਰਭਾਵਿਤ ਕੀਤਾ ਹੈ, ਜਿਸ ਨਾਲ ਘੱਟੋ-ਘੱਟ 25 ਤੋਂ 30 ਫ਼ੀਸਦੀ ਝਾੜ ਘੱਟ ਨਿਕਲ ਰਿਹਾ ਹੈ | ਕਿਸਾਨਾਂ ਅਨੁਸਾਰ ਜਦੋਂ ਝੋਨੇ ਦੀ ਫ਼ਸਲ ਪੱਕਣ 'ਤੇ ਆਈ ਸੀ ਉਸ ਸਮੇਂ ਪਹਿਲਾਂ ਤਾਂ ਜ਼ਿਆਦਾ ਬੇਵਕਤੀ ਬਰਸਾਤ ਨਾਲ ਝੋਨੇ ਦਾ ਬੂਰ ਝੜ ਗਿਆ, ਉਸ ਤੋਂ ਬਾਅਦ ਜ਼ਿਆਦਾ ਗਰਮੀ ਨਾਲ ਝੋਨੇ ਦੇ ਦਾਣੇ ਸੁੰਗੜ ਗਏ | ਝੋਨੇ ਦੀ ਅਗੇਤੀ ਬਿਜਾਈ ਕੀਤੀਆਂ ਕਿਸਮਾਂ ਦਾ ਝਾੜ ਕਾਫ਼ੀ ਘੱਟ ਨਿਕਲ ਰਿਹਾ ਹੈ ਜਦੋਂ ਬਾਅਦ 'ਚ ਬਿਜਾਈ ਕੀਤੀਆਂ ਕਿਸਮਾਂ ਦਾ ਝਾੜ ਕੁਝ ਵੱਧ ਨਿਕਲ ਰਿਹਾ ਹੈ ਪਰ ਪਿਛਲੇ ਸਾਲ ਤੋਂ ਕਾਫ਼ੀ ਘੱਟ | ਕਿਸਾਨਾਂ ਦੀ ਸਭ ਤੋਂ ਚਹੇਤੀ ਤੇ ਸਰਕਾਰ ਵਲੋਂ ਪਾਬੰਦੀਸ਼ੁਦਾ ਕਿਸਮ ਪੂਸਾ 44 ਨੇ ਤਾਂ ਕਿਸਾਨਾਂ ਨੂੰ ਨਿਰਾਸ਼ ਹੀ ਨਹੀਂ ਕੀਤਾ ਹੈ, ਸਗੋਂ ਅੱਗੇ ਬਿਜਾਈ ਲਈ ਕੰਨਾਂ ਨੂੰ ਹੱਥ ਲਵਾ ਦਿੱਤੇ | ਬਾਸਮਤੀ ਝੋਨੇ ਦੀ ਵੱਖ-ਵੱਖ ਕਿਸਮਾਂ ਦੇ ਝਾੜ ਤੇ ਇਸ ਦਾ ਘੱਟ ਭਾਅ ਮਿਲਣ ਕਾਰਨ ਕਿਸਾਨ ਕਾਫ਼ੀ ਮਾਯੂਸ ਹਨ | ਸੂਬਾ ਸਰਕਾਰ ਨੇ ਇਸ ਸਾਲ ਝੋਨੇ ਦੀ ਖ਼ਰੀਦ 15 ਦਿਨ ਪਹਿਲਾਂ 16 ਸਤੰਬਰ ਤੋਂ ਸ਼ੁਰੂ ਕੀਤੀ ਸੀ, ਜੋ ਕਿ 30 ਨਵੰਬਰ ਤੱਕ ਚੱਲੇਗੀ | ਝੋਨੇ ਦੇ ਘੱਟ ਝਾੜ ਤੇ ਹੜ੍ਹ ਨਾਲ ਪੰਜ ਲੱਖ ਏਕੜ ਦੇ ਕਰੀਬ ਪਾਣੀ ਦੀ ਮਾਰ ਹੇਠ ਆਏ ਜ਼ਮੀਨਾਂ ਦੇ ਮਾਲਕ ਤਾਂ ਆਰਥਿਕ ਤੰਗੀਆਂ ਝੱਲਣ ਲਈ ਮਜਬੂਰ ਹਨ ਤੇ ਇਸ ਦਾ ਪ੍ਰਭਾਵ ਵਪਾਰੀਆਂ ਤੇ ਮਜ਼ਦੂਰਾਂ ਤੋਂ ਇਲਾਵਾ ਸਾਰੇ ਵਰਗਾਂ 'ਤੇ ਪਵੇਗਾ | ਠੇਕੇ 'ਤੇ ਜ਼ਮੀਨਾਂ ਲੈ ਕੇ ਖੇਤੀ ਕਰਨ ਵਾਲੇ ਛੋਟੇ ਕਿਸਾਨਾਂ ਲਈ ਮੁਸ਼ਕਿਲਾਂ ਤਾਂ ਹੋਰ ਵੀ ਭਾਰੀ ਹਨ |
ਪੰਜਾਬ 'ਚ ਝੋਨੇ ਦੀ ਖ਼ਰੀਦ ਦਾ ਟੀਚਾ ਪੂਰਾ ਹੋਣਾ ਮੁਸ਼ਕਿਲ ਹੀ ਨਹੀਂ, ਸਗੋਂ ਨਾਮੁਮਕਿਨ
ਅਜੀਤ ਡੈਸਕ
22-10-2025