ਮੁੰਬਈ, 21 ਅਕਤੂਬਰ (ਪੀ.ਟੀ.ਆਈ.)-ਫਿਲਮ 'ਸ਼ੋਲੇ' 'ਚ ਅਜੀਬ ਜੇਲ੍ਹਰ ਤੇ 300 ਤੋਂ ਵੱਧ ਫ਼ਿਲਮਾਂ 'ਚ ਕਈ ਹੋਰ ਯਾਦਗਾਰੀ ਭੂਮਿਕਾਵਾਂ ਨਿਭਾ ਕੇ ਦਰਸ਼ਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੇ ਬਜ਼ੁਰਗ ਅਦਾਕਾਰ ਗੋਵਰਧਨ ਅਸਰਾਨੀ ਦਾ ਸੋਮਵਾਰ ਨੂੰ ਇਕ ਹਸਪਤਾਲ 'ਚ ਦਿਹਾਂਤ ਹੋ ਗਿਆ | ਉਹ 84 ਸਾਲ ਦੇ ਸਨ | ਫ਼ਿਲਮ ਉਦਯੋਗ 'ਚ ਅਸਰਾਨੀ ਦੇ ਨਾਂਅ ਨਾਲ ਮਸ਼ਹੂਰ ਇਹ ਅਦਾਕਾਰ ਹਿੰਦੀ ਸਿਨੇਮਾ 'ਚ ਆਪਣੇ ਬੇਮਿਸਾਲ ਕਾਮਿਕ ਟਾਈਮਿੰਗ ਲਈ ਜਾਣਿਆ ਜਾਂਦਾ ਸੀ, ਪਰ ਪ੍ਰਸੰਸਕ ਉਨ੍ਹਾਂ ਨੂੰ 'ਸ਼ੋਲੇ' 'ਚ ਤਾਨਾਸ਼ਾਹੀ ਜੇਲਰ ਦੀ ਭੂਮਿਕਾ ਲਈ ਸਭ ਤੋਂ ਵੱਧ ਯਾਦ ਕਰਦੇ ਹਨ, ਜੋ ਅਕਸਰ 'ਹਮ ਅੰਗਰੇਜ਼ੋਂ ਕੇ ਜ਼ਮਾਨੇ ਕੇ ਜੇਲਰ ਹੈਂ' ਸੰਵਾਦ ਬੋਲਦਾ ਹੈ | 1975 ਦੀ ਫ਼ਿਲਮ 'ਚ ਉਨ੍ਹਾਂ ਦੀ ਭੂਮਿਕਾ ਇੰਨੇ ਸਾਲਾਂ ਬਾਅਦ ਵੀ ਹਾਸੇ ਨੂੰ ਜਨਮ ਦਿੰਦੀ ਹੈ | ਸਲੀਮ ਖਾਨ ਤੇ ਜਾਵੇਦ ਅਖਤਰ ਨੇ 'ਦਿ ਗ੍ਰੇਟ ਡਿਕਟੇਟਰ' 'ਚ ਚਾਰਲੀ ਚੈਪਲਿਨ ਦੇ ਕਿਰਦਾਰ ਨੂੰ ਮਾਡਲ ਕੀਤਾ ਸੀ | ਅਸਰਾਨੀ ਦੇ ਮੈਨੇਜਰ ਬਾਬੂਭਾਈ ਥੀਬਾ ਅਨੁਸਾਰ ਅਦਾਕਾਰ ਨੂੰ ਚਾਰ ਦਿਨ ਪਹਿਲਾਂ ਉਪਨਗਰੀ ਜੁਹੂ ਦੇ ਭਾਰਤੀ ਅਰੋਗਿਆ ਨਿਧੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ | ਉਹ ਥੋੜ੍ਹਾ ਬਿਮਾਰ ਸਨ | ਸਾਹ ਲੈਣ 'ਚ ਤਕਲੀਫ਼ ਹੋਣ ਕਾਰਨ ਉਨ੍ਹਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ | ਬਾਅਦ ਦੁਪਹਿਰ 3 ਵਜੇ ਉਨ੍ਹਾਂ ਦਾ ਦਿਹਾਂਤ ਹੋ ਗਿਆ | ਡਾਕਟਰਾਂ ਨੇ ਸਾਨੂੰ ਦੱਸਿਆ ਕਿ ਉਨ੍ਹਾਂ ਦੇ ਫੇਫੜਿਆਂ 'ਚ ਪਾਣੀ ਜਮ੍ਹਾਂ ਹੋ ਗਿਆ ਹੈ | ਅਸਰਾਨੀ ਨੇ ਆਪਣੇ ਪੰਜ ਦਹਾਕੇ ਦੇ ਲੰਬੇ ਕਰੀਅਰ ਦੇ ਹਰ ਯੁੱਗ 'ਚ ਕਈ ਵੱਡੇ ਨਿਰਦੇਸ਼ਕਾਂ ਨਾਲ ਕੰਮ ਕੀਤਾ ਤੇ ਲਗਭਗ ਹਰ ਚੋਟੀ ਦੇ ਸਟਾਰ ਨਾਲ ਕੰਮ ਕੀਤਾ, ਭਾਵੇਂ ਉਹ ਰਾਜੇਸ਼ ਖੰਨਾ, ਅਮਿਤਾਭ ਬੱਚਨ, ਆਮਿਰ ਖਾਨ ਜਾਂ ਹੋਰ ਹੋਣ | ਹਾਲਾਂਕਿ ਐਫ.ਟੀ.ਆਈ.ਆਈ. 'ਚ ਸਿਖਲਾਈ ਪ੍ਰਾਪਤ ਅਸਰਾਨੀ ਨੂੰ ਕਾਮੇਡੀ ਭੂਮਿਕਾਵਾਂ 'ਚ ਗਿਣਿਆ ਜਾਂਦਾ ਸੀ | ਉਹ ਅਕਸਰ ਹੀਰੋ ਦੇ ਦੋਸਤ ਦੀ ਭੂਮਿਕਾ ਨਿਭਾਉਂਦੇ ਸਨ | ਉਹ ਸਭ ਤੋਂ ਪਹਿਲਾਂ 'ਆਜ ਕੀ ਤਾਜ਼ਾ ਖ਼ਬਰ' 'ਚ ਆਪਣੀ ਭੂਮਿਕਾ ਲਈ ਮਸ਼ਹੂਰ ਹੋਏ ਸਨ | ਉਨ੍ਹਾਂ ਦੀ ਇਕ ਹੋਰ ਯਾਦਗਾਰ ਭੂਮਿਕਾ 'ਛੋਟੀ ਸੀ ਬਾਤ' 'ਚ ਹੈ | ਅਸਰਾਨੀ ਨੇ ਆਪਣੇ ਹਿੰਦੀ ਸਿਨੇਮਾ ਕਰੀਅਰ ਦੀ ਸ਼ੁਰੂਆਤ 1967 ਦੀ ਫ਼ਿਲਮ 'ਹਰੇ ਕਾਂਚ ਕੀ ਚੂੜੀਆਂ' ਨਾਲ ਕੀਤੀ ਤੇ ਫਿਰ ਕਈ ਫ਼ਿਲਮਾਂ 'ਚ ਕੰਮ ਕੀਤਾ | ਰਿਸ਼ੀਕੇਸ਼ ਮੁਖਰਜੀ ਅਦਾਕਾਰ ਦੇ ਸਲਾਹਕਾਰ ਤੇ ਮਾਰਗਦਰਸ਼ਕ ਸਨ ਤੇ ਹਮੇਸ਼ਾ ਉਨ੍ਹਾਂ ਨੂੰ ਆਪਣੀਆਂ ਫ਼ਿਲਮਾਂ 'ਚ ਭੂਮਿਕਾ ਦਿੰਦੇ ਸਨ | ਉਨ੍ਹਾਂ ਗੁਲਜ਼ਾਰ ਦੀਆਂ ਕਈ ਫ਼ਿਲਮਾਂ ਜਿਵੇਂ 'ਮੇਰੇ ਅਪਨੇ', 'ਕੋਸ਼ਿਸ਼' ਤੇ 'ਪਰੀਚੈ' 'ਚ ਵੀ ਕੰਮ ਕੀਤਾ | 'ਬਾਵਰਚੀ', 'ਅਭਿਮਾਨ', 'ਦੋ ਲੜਕੇ ਦੋਨੋ ਕੜਕੇ' ਤੇ 'ਬੰਦਿਸ਼' ਵਰਗੀਆਂ ਫ਼ਿਲਮਾਂ 'ਚ ਅਸਰਾਨੀ ਦੀਆਂ ਹੋਰ ਪ੍ਰਸਿੱਧ ਭੂਮਿਕਾਵਾਂ ਸਨ | 'ਚੁਪਕੇ ਚੁਪਕੇ', 'ਰਫੂ ਚੱਕਰ', 'ਬਾਲਿਕਾ ਬਧੂ', 'ਹੀਰਾਲਾਲ ਪੰਨਾਲਾਲ', 'ਪਤੀ ਪਤਨੀ ਔਰ ਵੋ' ਵੀ ਉਹ ਫ਼ਿਲਮਾਂ ਹਨ, ਜਿੱਥੇ ਅਸਰਾਨੀ ਨੇ ਆਪਣੇ ਬੇਮਿਸਾਲ ਕਾਮਿਕ ਟਾਈਮਿੰਗ ਨਾਲ ਪ੍ਰਸੰਸਕਾਂ ਨੂੰ ਪ੍ਰਭਾਵਿਤ ਕੀਤਾ | 2000 ਦੇ ਦਹਾਕੇ 'ਚ ਉਨ੍ਹਾਂ 'ਹੇਰਾ ਫੇਰੀ', 'ਚੁਪ ਚੁਪ ਕੇ', 'ਹਲਚਲ', 'ਭੂਲ ਭੁਲਈਆ', 'ਖੱਟਾ-ਮੀਠਾ' ਤੇ 'ਕਮਾਲ ਧਮਾਲ ਮਾਲਾਮਾਲ' ਵਰਗੀਆਂ ਕਈ ਨਿਰਦੇਸ਼ਕ ਕਾਮੇਡੀਜ਼ ਲਈ ਪਿ੍ਯਦਰਸ਼ਨ ਨਾਲ ਜੋੜੀ ਬਣਾਈ | ਇਸ ਤੋਂ ਇਲਾਵਾ ਵੈਲਕਮ, ਧਮਾਲ, 'ਮਾਲਾਮਾਲ ਵੀਕਲੀ' 'ਚ ਵੀ ਉਨ੍ਹਾਂ ਯਾਦਗਾਰੀ ਭੂਮਿਕਾਵਾਂ ਨਿਭਾਈਆਂ | ਕੁਝ ਅਜਿਹੀਆਂ ਫ਼ਿਲਮਾਂ ਸਨ, ਜਿੱਥੇ ਉਹ ਆਪਣੀ ਮਸ਼ਹੂਰ ਅਕਸ ਦੇ ਵਿਰੁੱਧ ਗਏ ਤੇ 'ਚੈਤਾਲੀ' ਤੇ 'ਕੋਸ਼ਿਸ਼' ਵਰਗੀਆਂ ਨਕਾਰਾਤਮਕ ਭੂਮਿਕਾਵਾਂ 'ਚ ਕੰਮ ਕੀਤਾ | ਉਨ੍ਹਾਂ ਫ਼ਿਲਮ 'ਚਲਾ ਮੁਰਾਰੀ ਹੀਰੋ ਬਣਨੇ' ਦਾ ਨਿਰਦੇਸ਼ਨ ਵੀ ਕੀਤਾ | 2017 'ਚ ਪੀ.ਟੀ.ਆਈ. ਨਾਲ ਇਕ ਇੰਟਰਵਿਊ 'ਚ ਅਸਰਾਨੀ ਨੇ ਥੀਏਟਰ ਪ੍ਰਤੀ ਆਪਣੇ ਪਿਆਰ ਬਾਰੇ ਗੱਲ ਕੀਤੀ ਕਿ ਕਿਵੇਂ ਇਸ ਨੇ ਅਦਾਕਾਰ ਨੂੰ ਆਪਣੇ ਆਪ ਨੂੰ ਮੁੜ ਸੁਰਜੀਤ ਕਰਨ 'ਚ ਮਦਦ ਕੀਤੀ | ਉਨ੍ਹਾਂ ਦੇ ਦਿਹਾਂਤ 'ਤੇ ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ, ਅਜੇ ਦੇਵਗਨ, ਕਾਜੋਲ, ਕੰਗਨਾ ਰਣੌਤ ਤੇ ਹੋਰਾਂ ਨੇ ਦੁੱਖ ਪ੍ਰਗਟ ਕੀਤਾ ਹੈ |
ਅਦਾਕਾਰ-ਕਾਮੇਡੀਅਨ ਅਸਰਾਨੀ ਦਾ ਦਿਹਾਂਤ
ਅਜੀਤ ਡੈਸਕ
22-10-2025