ਅੰਮਿ੍ਤਸਰ, 21 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਰੱਖਿਆ ਮੰਤਰੀ ਖ਼ਵਾਜਾ ਮੁਹੰਮਦ ਆਸਿਫ਼ ਨੇ ਕਿਹਾ ਹੈ ਕਿ ਪਾਕਿ ਤੇ ਅਫ਼ਗਾਨ ਤਾਲਿਬਾਨ ਸ਼ਾਸਨ ਵਿਚਕਾਰ ਇਕ ਨਾਜ਼ੁਕ ਜੰਗਬੰਦੀ ਮੌਜੂਦ ਹੈ, ਪਰ ਅਫ਼ਗਾਨਿਸਤਾਨ ਦੀ ਧਰਤੀ ਤੋਂ ਕੋਈ ਵੀ ਨਵਾਂ ਹਮਲਾ ਦੋਵਾਂ 'ਚ ਪਹਿਲਾਂ ਹੋਏ ਜੰਗਬੰਦੀ ਸਮਝੌਤੇ ਨੂੰ ਤੋੜ ਸਕਦਾ ਹੈ | ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਦੋਵੇਂ ਪਾਸੇ ਸ਼ਾਂਤੀ ਕਾਇਮ ਨਾ ਹੋਣ ਕਰਕੇ ਇਹ ਸਮਝੌਤਾ ਕਦੇ ਵੀ ਟੁੱਟ ਸਕਦਾ ਹੈ | ਇਕ ਟੀ.ਵੀ. ਨਿਊਜ਼ ਚੈਨਲ ਨਾਲ ਗੱਲਬਾਤ ਕਰਦਿਆਂ ਆਸਿਫ਼ ਨੇ ਕਿਹਾ ਹੈ ਕਿ ਪਾਕਿ ਤੇ ਅਫ਼ਗਾਨਿਸਤਾਨ ਵਿਚਕਾਰ ਲੰਬੇ ਸਮੇਂ ਤੋਂ ਚੱਲ ਰਿਹਾ ਟਕਰਾਅ ਡੁਰੰਡ ਲਾਈਨ ਵਿਵਾਦ ਨੂੰ ਹੱਲ ਕੀਤੇ ਬਗੈਰ ਸਮਾਪਤ ਨਹੀਂ ਹੋ ਸਕਦਾ | ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਪਾਕਿ ਦੋਵਾਂ ਮੁਲਕਾਂ ਵਿਚਾਲੇ ਤੈਅ ਸਰਹੱਦੀ ਡੁਰੰਡ ਲਾਈਨ ਨੂੰ ਇਕ ਕੌਮਾਂਤਰੀ ਸਰਹੱਦ ਮੰਨਦਾ ਹੈ, ਜਦਕਿ ਅਫ਼ਗਾਨਿਸਤਾਨ ਇਸ ਨੂੰ ਦਹਾਕਿਆਂ ਤੋਂ ਤਥਾਕਥਿਤ ਡੁਰੰਡ ਲਾਈਨ ਕਹਿ ਕੇ ਸਰਹੱਦ 'ਤੇ ਪਾਕਿਸਤਾਨੀ ਚੌਕੀਆਂ ਬਣਾਏ ਜਾਣ ਦਾ ਵਿਰੋਧ ਕਰ ਰਿਹਾ ਹੈ | ਪਾਕਿ ਰੱਖਿਆ ਮੰਤਰੀ ਨੇ ਖ਼ੁਲਾਸਾ ਕੀਤਾ ਕਿ ਕਤਰ ਅਤੇ ਤੁਰਕੀ ਸਥਾਈ ਸ਼ਾਂਤੀ ਪ੍ਰਾਪਤ ਕਰਨ ਦੀ ਉਮੀਦ 'ਚ ਇਸਲਾਮਾਬਾਦ ਤੇ ਕਾਬੁਲ ਵਿਚਕਾਰ ਵਿਚੋਲਗੀ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਗੱਲਬਾਤ ਦਾ ਅਗਲਾ ਦੌਰ 25 ਅਕਤੂਬਰ ਨੂੰ ਹੋਵੇਗਾ ਤੇ ਅਗਲੀ ਬੈਠਕ ਸ਼ਾਂਤੀ ਪ੍ਰਕਿਰਿਆ ਦੀ ਅਸਲ ਦਿਸ਼ਾ ਨਿਰਧਾਰਿਤ ਕਰੇਗੀ | ਆਸਿਫ਼ ਨੇ ਟੀ. ਟੀ. ਪੀ. ਨਾਲ ਗੱਲਬਾਤ ਦੀ ਕਿਸੇ ਵੀ ਸੰਭਾਵਨਾ ਨੂੰ ਖ਼ਾਰਜ ਕਰਦਿਆਂ ਕਿਹਾ ਕਿ ਪਾਕਿ ਸਿਰਫ਼ ਅਫ਼ਗਾਨਿਸਤਾਨ 'ਚ ਸੱਤਾ 'ਤੇ ਮੌਜੂਦ ਤਾਲਿਬਾਨ ਸ਼ਾਸਨ ਨਾਲ ਹੀ ਗੱਲਬਾਤ ਕਰੇਗਾ | ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਅਫ਼ਗਾਨਿਸਤਾਨ ਵਲੋਂ ਜੇਕਰ ਇਕ ਵੀ ਘੁਸਪੈਠ ਦੀ ਕੋਸ਼ਿਸ਼ ਹੁੰਦੀ ਹੈ ਤਾਂ ਜੰਗਬੰਦੀ ਖ਼ਤਰੇ ਵਿਚ ਹੋਵੇਗੀ |